ਅਜਨਾਲਾ, ਰਮਦਾਸ, ਗੱਗੋਮਾਹਲ, 1 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ ਬਲਵਿੰਦਰ ਸਿੰਘ ਸੰਧੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਜ਼ਿਲ੍ਹਾ ਅੰਮਿ੍ਤਸਰ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੜ੍ਹ ਪੀੜਤਾਂ ਨੂੰ ਰਾਹਤ ਸਮਗਰੀ ਵੀ ਵੰਡੀ | ਸੰਧਿਆ ਵੇਲੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਕਿ ਪੰਜਾਬ ਦੇ ਹਾਲਾਤ ਜਲਦ ਹੀ ਸੁਖਾਵੇਂ ਹੋਣ, ਹੜ੍ਹਾਂ ਤੋਂ ਨਿਜਾਤ ਮਿਲੇ ਅਤੇ ਗੁਰੂ ਸਾਹਿਬਾਨ ਦਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ | ਇਸ ਆਫ਼ਤ ਦੌਰਾਨ ਆਪਣੀ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਸੇਵਾ ਕਰਨ ਵਾਲੇ ਪੰਜਾਬ ਅਤੇ ਪੰਥ ਦੇ ਨੌਜਵਾਨਾਂ ਨੂੰ ਅਕਾਲ ਪੁਰਖ ਹਮੇਸ਼ਾ ਇਸੇ ਤਰ੍ਹਾਂ ਹਿੰਮਤ ਤੇ ਦਿ੍ੜ੍ਹਤਾ ਬਖ਼ਸ਼ਦਾ ਰਹੇ | ਇਸ ਮੌਕੇ ਜਥੇਦਾਰ ਗੜਗੱਜ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ, ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਸ. ਸਤਨਾਮ ਸਿੰਘ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਦੇ ਮੈਨੇਜਰ ਪਰਗਟ ਸਿੰਘ ਸਿੰਘ ਆਦਿ ਮੌਜੂਦ ਸਨ |
ਇਸ ਦੌਰਾਨ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੁਲਾਕਾਤ ਉੱਤਰ ਪ੍ਰਦੇਸ਼ ਤੋਂ ਪੰਜਾਬ ਰਾਹਤ ਸਮਗਰੀ ਲੈ ਕੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸ੍ਰੀ ਰਾਕੇਸ਼ ਟਿਕੈਤ ਨਾਲ ਵੀ ਹੋਈ | ਜਥੇਦਾਰ ਗੜਗੱਜ ਵਲੋਂ ਔਖੇ ਵੇਲੇ ਪੰਜਾਬ ਨਾਲ ਖੜ੍ਹਨ ਅਤੇ ਰਾਹਤ ਸਮਗਰੀ ਲੈ ਕੇ ਆਉਣ ਲਈ ਰਾਕੇਸ਼ ਟਿਕੈਤ ਦਾ ਸਨਮਾਨ ਕੀਤਾ ਗਿਆ |
ਜਥੇਦਾਰ ਗੜਗੱਜ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ <br/>
ਅਜੀਤ ਡੈਸਕ
02-09-2025