ਜੇਠੂਵਾਲ, 2 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਕਾਰ ਸੇਵਾ ਵਾਲੇ ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹੇ ਹੋਈ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ ਜਿਸ ਨਾਲ ਕਈ ਪਿੰਡਾਂ ਵਿਚ ਕਿਸਾਨਾਂ ਸਮੇਤ ਹਰੇਕ ਵਰਗ ਨਾਲ ਸੰਬੰਧਤ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਲੋਕ ਘਰੋਂ ਬੇਘਰ ਹੋ ਗਏ ਹਨ ਹੜ੍ਹ ਪੀੜਤਾਂ ਦੀ ਮਾਲੀ ਮਦਦ ਲਈ ਸੰਗਤਾਂ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਕਿ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਇਸ ਔਖੀ ਘੜੀ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਹਰੇਕ ਇਨਸਾਨ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਉਕਤ ਪਰਿਵਾਰਾਂ ਦੀ ਮਦਦ ਲਈ ਯੋਗਦਾਨ ਪਾ ਕੇ ਆਪਣਾ ਫਰਜ਼ ਨਿਭਾਵੇ | ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਅਧੀਨ ਗੁਰਦੁਆਰਿਆਂ ਤੋਂ ਰੋਜ਼ਾਨਾ ਹੜ੍ਹ ਪੀੜਤਾਂ ਲਈ ਰਾਸ਼ਨ ਪੈਕ ਕਰਕੇ ਗੱਡੀਆਂ ਰਾਹੀਂ ਰਮਦਾਸ, ਅਜਨਾਲਾ, ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿਚ ਭੇਜਿਆ ਜਾ ਰਿਹਾ ਹੈ | ਇਸ ਮੌਕੇ ਬਾਬਾ ਮੇਜਰ ਸਿੰਘ, ਬਾਬਾ ਸੁੱਖਾ ਸਿੰਘ, ਮੈਨੇਜਰ ਜਗਰੂਪ ਸਿੰਘ ਮਜੀਠਾ, ਚਾਚਾ ਸੁਭਾਸ਼ ਚਵਿੰਡਾ ਦੇਵੀ ਆਦਿ ਸ਼ਾਮਿਲ ਸਨ |