ਅੰਮਿ੍ਤਸਰ, 6 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ 1509 ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਦਾ 2500 ਤੋਂ ਲੈ ਕੇ 3600 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਲੱਗ ਰਿਹਾ ਹੈ | ਗੱਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਅੱਜ 1509 ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਕਿਹਾ ਕਿ ਕਿਸਾਨ ਭਰਾਵਾਂ ਇਹ ਸਭ ਤੋਂ ਵੱਡੀ ਖੁਸ਼ੀ ਵਾਲਾ ਪਲ ਹੁੰਦਾ ਹੈ ਜਦੋਂ ਉਹ ਆਪਣੀ ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਫਸਲ ਮੰਡੀ 'ਚ ਵੇਚਣ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਮੰਡੀ 'ਚ ਹਰ ਸਾਲ 1509 ਦੀ ਕੁੱਲ਼ 45 ਲੱਖ ਕੁਇੰਟਲ ਤੋਂ ਵਧੇਰੇ ਆਮਦ ਹੁੰਦੀ ਹੈ ਜੋ ਕਿ ਇਸ ਵਾਰ ਤਹਿਸੀਲ ਅਜਨਾਲਾ ਸਮੇਤ ਹੋਰ ਵੱਖ-ਵੱਖ ਇਲਾਕਿਆਂ 'ਚ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ 20 ਫੀਸਦੀ ਫਸਲ ਦੀ ਆਮਦ ਘੱਟ ਸਕਦੀ ਹੈ | ਇਸ ਮੌਕੇ ਜਨਰਲ ਸਕੱਤਰ ਗੁਰਭਿੰਦਰ ਸਿੰਘ ਮੰਮਣਕੇ, ਖ਼ਜ਼ਾਨਚੀ ਗੁਰਦੇਵ ਸਿੰਘ ਛੇਹਰਟਾ, ਸਤਨਾਮ ਸਿੰਘ ਧੌਲ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੰਡੀ ਅਫਸਰ ਰਮਨਦੀਪ ਸਿੰਘ, ਮਾਰਕੀਟ ਕਮੇਟੀ ਸਕੱਤਰ ਅਮਰਦੀਪ ਕੌੜਾ, ਮੰਡੀ ਸੁਪਰਵਾਈਜ਼ਰ ਸਿਕੰਦਰ ਸਿੰਘ ਅਤੇ ਕਲਰਕ ਨਰਿੰਦਰਪਾਲ ਸਿੰਘ ਚੱਬਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ 5250 ਕੁਇੰਟਲ 1509 ਦੀ ਆਮਦ ਹੋਈ ਹੈ ਅਤੇ ਹੁਣ ਤੱਕ ਕੁੱਲ 8112 ਕੁਇੰਟਲ 1509 ਦੀ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੀ ਗਈ ਹੈ |
ਦਾਣਾ ਮੰਡੀ ਭਗਤਾਂਵਾਲਾ ਵਿਖੇ 1509 ਦੀ ਆਮਦ ਸ਼ੁਰੂ ਭਾਅ 'ਚ ਤੇਜ਼ੀ, 3650 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਫ਼ਸਲ <br/>
ਅਜੀਤ ਡੈਸਕ
07-09-2025