ਅੰਮਿ੍ਤਸਰ, 6 ਸਤੰਬਰ (ਗਗਨਦੀਪ ਸ਼ਰਮਾ)-ਪੁਲਿਸ ਵਰਦੀ 'ਚ ਆਏ ਇਕ ਵਿਅਕਤੀ ਵਲੋਂ ਦੁਕਾਨਦਾਰ ਨੂੰ ਬਿਨਾਂ ਪੈਸੇ ਦਿੱਤੇ ਸਾਮਾਨ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਖਜ਼ਾਨਾ ਗੇਟ ਇਲਾਕੇ 'ਚ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਦੁਕਾਨਦਾਰ ਸ਼ਿਵਮ ਮਹਿਤਾ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 10.30-10.45 ਵਜੇ ਦੀ ਹੈ | ਉਸਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਵਰਦੀ 'ਚ ਇਕ ਵਿਅਕਤੀ ਆਪਣਾ ਬੁਲੇਟ ਮੋਟਰਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕਰਨ ਉਪਰੰਤ ਉਸ ਕੋਲ ਆ ਕੇ ਪਾਣੀ ਦੀਆਂ ਬੋਤਲਾਂ ਦੀ ਮੰਗ ਕਰਦਾ ਹੈ | ਬੋਤਲਾਂ ਦੇਣ ਉਪਰੰਤ ਜਦ ਉਹ ਪੈਸੇ ਮੰਗਦਾ ਹੈ ਤਾਂ ਉਹ ਆਪਣੀ ਵਰਦੀ ਦਾ ਰੋਅਬ ਝਾੜਦੇ ਹੋਏ ਕਹਿੰਦਾ ਹੈ ਕਿ ਉਸਨੇ ਦੁਕਾਨ ਦੇ ਕੋਲ ਹੀ ਨਾਕਾ ਲਗਾ ਰੱਖਿਆ ਹੈ ਅਤੇ ਪਿਆਸ ਲੱਗੀ ਸੀ ਤਾਂ ਉਹ ਪਾਣੀ ਦੀ ਬੋਤਲ ਲੈਣ ਆ ਗਿਆ | ਦੁਕਾਨਦਾਰ ਨੇ ਦੋਸ਼ ਲਗਾਇਆ ਕਿ ਕਾਫੀ ਮਨ੍ਹਾਂ ਕਰਨ ਤੋਂ ਬਾਅਦ ਵੀ ਉਹ ਬਿਨਾਂ ਪੈਸੇ ਦਿੱਤੇ ਡਬਲ ਰੋਟੀ ਅਤੇ ਬਿਸਕੁਟ ਦਾ ਪੈਕੇਟ ਲੈ ਗਿਆ | ਉਸਨੇ ਦੱਸਿਆ ਕਿ ਉਸ ਵਿਅਕਤੀ ਨੂੰ ਵੇਖ ਕੇ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਸਨੇ ਕੋਈ ਨਸ਼ਾ ਕੀਤਾ ਹੋਵੇ | ਉਸਨੇ ਇਸ ਸੰਬੰਧੀ ਡੀ-ਡਵੀਜ਼ਨ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਦਾ ਅਕਸ ਖ਼ਰਾਬ ਕਰਨ ਵਾਲੇ ਇਸ ਸ਼ਖ਼ਸ ਨੂੰ ਲੱਭ ਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਜੇਕਰ ਉਹ ਵਾਕਿਆ ਪੁਲਿਸ ਮੁਲਾਜ਼ਮ ਨਿਕਲਦਾ ਹੈ ਤਾਂ ਉਸ ਨੂੰ ਡਿਸਮਿਸ ਕੀਤਾ ਜਾਵੇ |