08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜਿਆ ਅੰਮਿ੍ਤਸਰ-ਝਬਾਲ ਰੋਡ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025

ਅੰਮਿ੍ਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ 2 ਅਹਿਮ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਅੰਮਿ੍ਤਸਰ-ਝਬਾਲ ਰੋਡ ਦੀ ਹਾਲਤ ਪਿਛਲ਼ੇ ਕਈ ਸਾਲਾਂ ਤੋਂ ਤਰਸਯੋਗ ਬਣੀ ਹੋਈ ਹੈ | ਇਸ ਦੌਰਾਨ ਸਰਕਾਰਾਂ ਤਾਂ ਭਾਵੇਂ ਜ਼ਰੂਰ ਬਦਲ ਗਈਆਂ ਪਰ ਇਸ ਇਲਾਕੇ ਦੇ ਹਾਲਾਤ ਅੱਜ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ | ਵਿਕਾਸ ਕਾਰਜਾਂ ਪੱਖੋਂ ਪਛੜ ਚੁੱਕੇ ਇਸ ਰੋਡ 'ਤੇ ਜਿਥੇ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਉਥੇ ਹੀ ਸੜਕ 'ਚ ਪਏ ਖ਼ਤਰਨਾਕ ਟੋਇਆਂ ਨਾਲ ਰੋਜ਼ਾਨਾ ਹੀ ਵੱਡੇ ਹਾਦਸੇ ਵਾਪਰਦੇ ਹਨ, ਜਿਸ 'ਚ ਖਾਸ ਕਰਕੇ ਈ-ਰਿਕਸ਼ੇ ਤਾਂ ਇਥੇ ਅਕਸਰ ਹੀ ਪਲਟਦੇ ਰਹਿੰਦੇ ਹਨ | ਅੰਮਿ੍ਤਸਰ ਤੋਂ ਭਿੱਖੀਵਿੰਡ ਨੂੰ ਜਾਂਦੀ ਇਹ ਸੜਕ ਅਨੇਕਾਂ ਪਿੰਡਾਂ ਨੂੰ ਜੋੜਣ ਤੋਂ ਇਲਾਵਾ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਗੁ: ਬੀੜ ਬਾਬਾ ਬੁੱਢਾ ਸਾਹਿਬ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਗੁ: ਬਾਬਾ ਦੀਪ ਸਿੰਘ ਪਹੂਵਿੰਡ ਨੂੰ ਵੀ ਜਾਂਦੀ ਹੈ | ਦੂਰ-ਦੁਰਾਡੇ ਸੂਬਿਆਂ ਅਤੇ ਜ਼ਿਲਿ੍ਹਆਂ ਤੋਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੰਮਿ੍ਤਸਰ ਆਉਣ ਵਾਲੀ ਸੰਗਤ ਵੱਡੇ ਪੱਧਰ 'ਤੇ ਇਸ ਸੜਕ ਤੋਂ ਹੁੰਦੀ ਹੋਈ ਇਨ੍ਹਾਂ ਅਸਥਾਨਾਂ ਵਿਖੇ ਵੀ ਮੱਥਾ ਟੇਕਣ ਲਈ ਜਾਂਦੀ ਹੈ, ਪਰ ਦੁੱਖ ਵਾਲੀ ਗੱਲ ਹੈ ਕਿ ਪਿਛਲ਼ੇ ਕਈ ਸਾਲਾਂ ਤੋਂ ਇਸ ਸੜਕ ਦੀ ਬੇਹੱਦ ਮਾੜੀ ਹਾਲਤ ਦਾ ਸੰਤਾਪ ਸ਼ਰਧਾਲੂਆਂ ਅਤੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਸਾਲ ਵੀ ਬੀੜ ਬਾਬਾ ਬੁੱਢਾ ਸਾਹਿਬ ਵਿਖੇ 3 ਰੋਜ਼ਾ ਮੇਲਾ 4 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਥੇ ਸੰਗਤ ਦੀ ਬਹੁਤ ਵੱਡੇ ਪੱਧਰ 'ਤੇ ਆਮਦ ਹੁੰਦੀ ਹੈ | ਸੜਕ ਨੂੰ ਚੌੜਾ ਕਰਨ ਦਾ ਕੰਮ ਸੁਸਤ ਰਫਤਾਰ 'ਚ ਚੱਲ ਰਿਹਾ ਹੈ, ਜਿਸ ਨੂੰ ਦੇਖ ਕੇ ਲੱਗਦਾ ਨਹੀਂ ਕਿ ਇਸ ਵਾਰ ਵੀ ਸੰਗਤ ਲਈ ਇਥੋਂ ਦਾ ਲਾਂਘਾ ਅਸਾਨ ਹੋਵੇਗਾ | ਥਾਂ-ਥਾਂ ਤੋਂ ਪੁੱਟੀ ਹੋਈ ਸੜਕ, ਪਏ ਹੋਏ ਡੂੰਘੇ ਟੋਇਆਂ 'ਚੋਂ ਉੱਡਦੀ ਮਿੱਟੀ ਦੀ ਧੂੜ ਤਾਂ ਦਿਨ ਦਿਹਾੜੇ ਹੀ ਗਹਿਰੀ ਧੁੰਦ ਦਾ ਅਹਿਸਾਸ ਕਰਵਾ ਦਿੰਦੀ ਹੈ | ਸੜਕ ਦੀ ਹਾਲਤ ਦੁੱਭਰ ਹੋਣ ਕਰਕੇ ਇਥੇ ਟ੍ਰੈਫਿਕ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ ਅਤੇ ਕੁਝ ਕੁ ਮਿੰਟਾਂ ਦਾ ਸਫਰ ਘੰਟਿਆਂ ਬੱਧੀ ਹੋ ਜਾਂਦਾ ਹੈ | ਸਟਰੀਟ ਲਾਇਟਾਂ ਦਾ ਮੁਕੰਮਲ ਪ੍ਰਬੰਧ ਨਾ ਹੋਣ ਕਰਕੇ ਰਾਹਗੀਰਾਂ ਨੂੰ ਚੋਰੀਆਂ ਅਤੇ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ | ਇਸ ਤੋਂ ਇਲਾਵਾ ਝਬਾਲ ਰੋਡ 'ਤੇ ਫਾਟਕ ਨਜਦੀਕ ਕੂੜੇ ਦਾ ਡੰਪ ਹੈ, ਜਿਥੇ ਕੂੜਾ ਸੁੱਟਣ ਵਾਲੇ ਲੋਕ ਕੂੜੇ ਨੂੰ ਸਹੀ ਥਾਂ 'ਤੇ ਡੰਪ ਕਰਨ ਦੀ ਬਜਾਏ ਅੱਧ ਵਿਚਾਲੇ ਹੀ ਸੜਕ 'ਤੇ ਸੁੱਟ ਕੇ ਚਲੇ ਜਾਂਦੇ ਹਨ | ਅਜਿਹੇ 'ਚ ਬਦਬੂਦਾਰ ਮਾਹੌਲ ਹੋਣ ਕਰਕੇ ਇਥੋਂ ਆਮ ਲੋਕਾਂ ਦਾ ਲੰਘਣਾ ਬੇਹੱਦ ਔਖਾ ਹੁੰਦਾ ਹੈ | ਬਾਰਿਸ਼ ਦੇ ਦਿਨਾਂ 'ਚ ਤਾਂ ਹਾਲਾਤ ਹੋਰ ਵੀ ਦੁੱਭਰ ਹੋ ਜਾਂਦੇ ਹਨ ਅਤੇ ਮੀਂਹ ਮਗਰੋਂ ਲੱਗਣ ਵਾਲੇ ਚੁਮਾਸੇ ਦਾ ਸੇਕ ਰਾਹਗੀਰਾਂ ਨੂੰ ਝੱਲਣਾ ਪੈਂਦਾ ਹੈ | ਇਸ ਸੰਬੰਧੀ ਇਲਾਕਾ ਵਾਸੀਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੇ ਹਾਲ ਬਹੁਤ ਮਾੜੇ ਹਨ, ਜਿਸ ਕਰਕੇ ਲੋਕ ਇਸ ਇਲਾਕੇ 'ਚ ਆਪਣੀ ਰਿਹਾਇਸ਼ ਬਣਾਉਣ ਤੋਂ ਕੰਨੀ ਕਤਰਾਉਣ ਲੱਗੇ ਹਨ | ਉਨ੍ਹਾਂ ਕਿਹਾ ਕਿ ਕਾਰੋਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਅਤੇ ਟ੍ਰੈਫਿਕ ਦੀ ਵੱਡੀ ਸਮੱਸਿਆ ਬਣੀ ਰਹਿੰਦੀ ਹੈ | ਇਲਾਕਾ ਵਾਸੀਆਂ ਨੇ ਇਹ ਵੀ ਕਿਹਾ ਕਿ ਇਸ ਇਲਾਕੇ 'ਚ ਵਿਕਾਸ ਕਾਰਜ ਨਾ ਹੋਣ ਕਰਕੇ ਉਨ੍ਹਾਂ ਸਰਕਾਰ ਤਾਂ ਬਦਲ ਦਿੱਤੀ ਪਰ ਉਨ੍ਹਾਂ ਦੇ ਹਲਾਤ ਸਰਕਾਰ ਨੇ ਅਜੇ ਤਕ ਨਹੀਂ ਬਦਲੇ ਹਨ | ਉਨ੍ਹਾਂ ਮੰਗ ਕੀਤੀ ਕਿ ਅੰਮਿ੍ਤਸਰ ਤੋਂ ਝਬਾਲ ਨੂੰ ਜਾਣ ਵਾਲੀ ਇਸ ਸੜਕ ਨੂੰ ਜਲਦ ਤੋਂ ਜਲਦ 4 ਮਾਰਗੀ ਬਣਾਇਆ ਜਾਵੇ, ਕੂੜੇ ਦੇ ਡੰਪ ਹਟਾਇਆ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਕਤ ਇਲਾਕੇ ਦੀਆਂ ਸਮੂਹ ਸਮੱਸਿਆਵਾਂ ਦਾ ਹੱਲ ਕਰਕੇ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾਣ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਵਕੀਲ ਨੂੰ ਧਮਕੀ ਮਿਲਣ ਦਾ ਮਾਮਲਾ-ਅੰਮਿ੍ਤਸਰ ਬਾਰ ਐਸੋਸੀਏਸ਼ਨ ਵਲੋਂ ਕੀਤਾ ਨੋ ਵਰਕ ਡੇ ਅਗਲੀ ਖ਼ਬਰ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ 'ਚ ਮੱਲਾਂ ਮਾਰੀਆਂ <br/>
Ad Position 24