ਅੰਮਿ੍ਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਫ਼ਦ ਵਲੋਂ ਨਵਨਿਯੁਕਤ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ ਅਤੇ ਡੀ. ਏ. ਪੀ. ਖਾਦ ਦੀ ਪੂਰਤੀ ਲਈ ਮੰਗ ਪੱਤਰ ਦਿੱਤਾ | ਇਸ ਦੌਰਾਨ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਅਤੇ ਬਘੇਲ ਸਿੰਘ ਕੋਟਮੁਗਲ ਨੇ ਕਿਹਾ ਕਿ ਬੀਤੇ ਦਿਨ ਜਥੇਬੰਦੀ ਵਲੋਂ ਡੀਏਪੀ ਖਾਦ ਦੀ ਮੰਗ ਨੂੰ ਲੈ ਕੇ ਕੱਥੂਨੰਗਲ (ਵਰਿਆਮ) ਟੋਲ ਪਲਾਜ਼ਾ ਵਿਖੇ ਧਰਨਾ ਲਾ ਕੇ ਟੋਲ ਫ੍ਰੀ ਕੀਤਾ ਗਿਆ ਸੀ ਤੇ ਮੰਗ ਕੀਤੀ ਗਈ ਸੀ ਕਿ ਸਰਕਾਰ ਡੀਏਪੀ ਦੀ ਸਪਲਾਈ ਬਹਾਲ ਕਰੇ ਤਾਂ ਜੋ ਕਣਕ ਦੀ ਬਿਜਾਈ 'ਚ ਆ ਰਹੀ ਮੁਸ਼ਕਿਲ ਦੂਰ ਹੋ ਸਕੇ | ਆਗੂਆਂ ਨੇ ਕਿਹਾ ਕਿ ਹਰ ਸਾਲ ਖਾਦ ਦੀ ਕਿੱਲਤ ਆਉਂਦੀ ਹੈ ਤੇ ਇਸ ਦੀ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ | ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਨਾਲ ਪਹਿਲਾਂ ਹੀ 4 ਲੱਖ ਏਕੜ ਰਕਬੇ 'ਚੋਂ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਤੇ ਬਾਕੀ ਬਚੀ 'ਚੋਂ ਝਾੜ ਬਾਰਿਸ਼ਾਂ ਨਾਲ ਘੱਟ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪੀੜਤ ਕਿਸਾਨਾਂ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਕਰੇ | ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਤੇ ਹੜ ਪੀੜਤਾਂ ਦਾ ਹੱਲ ਪਹਿਲ ਦੇ ਆਧਾਰ ਤੇ ਹੱਲ ਕਰੇਗੀ | ਇਸ ਮੌਕੇ ਜਗਜੀਵਨ ਸਿੰਘ, ਗੁਰਮੁਖ ਸਿੰਘ ਚਵਿੰਡਾ, ਕੁਲਬੀਰ ਸਿੰਘ ਜੇਠੂਵਾਲ, ਪਰਮਿੰਦਰ ਸਿੰਘ ਪੰਡੋਰੀ, ਮੰਗਲ ਸਿੰਘ ਗੋਸਲ ਆਦਿ ਹਾਜ਼ਰ ਸਨ |