ਮਜੀਠਾ, 1 ਨਵੰਬਰ (ਮਨਿੰਦਰ ਸਿੰਘ ਸੋਖੀ)-ਹਲਕਾ ਮਜੀਠਾ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਜਿਹੜੀ ਕਿ ਚੇਅਰਮੈਨ ਡਿਪਟੀ ਕਮਿਸ਼ਨਰ ਅੰਮਿ੍ਤਸਰ ਦਲਵਿੰਦਰਜੀਤ ਸਿੰਘ, ਮੈਨੇਜਰ ਐੱਸ.ਡੀ.ਐੱਮ. ਮਜੀਠਾ ਪੀਊਸ਼ਾ ਬੁਰੜ੍ਹਕ ਅਤੇ ਮੈਨੇਜਮੈਂਟ ਕਮੇਟੀ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਸਮਰਾ ਦੀ ਯੋਗ ਰਹਿਨੁਮਾਈ ਅਤੇ ਪਿ੍ੰਸੀਪਲ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਚੱਲ ਰਹੀ ਹੈ, ਦੀ ਕਾਰਗੁਜ਼ਾਰੀ ਦੀ ਜਾਣਕਾਰੀ ਲੈਣ ਵਾਸਤੇ ਅਤੇ ਬਰਸਾਤਾਂ ਤੋਂ ਬਾਅਦ ਸਕੂਲ ਦੀ ਇਮਾਰਤ ਦਾ ਨਿਰੀਖਣ ਕਰਨ ਵਾਸਤੇ ਐੱਸ.ਡੀ.ਐੱਮ ਮਜੀਠਾ ਪੀਊਸ਼ਾ ਬੁਰੜ੍ਹਕ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨਾਲ ਤਹਿਸੀਲਦਾਰ ਮਜੀਠਾ ਹਮੀਰ ਸਿੰਘ ਵੀ ਮੌਜੂਦ ਸਨ | ਇਸ ਸੰਬੰਧੀ ਗੱਲਬਾਤ ਕਰਦਿਆਂ ਪਿ੍ੰਸੀਪਲ ਵਿਨੋਦ ਸ਼ਰਮਾ ਨੇ ਦੱਸਿਆ ਕਿ ਬਰਸਾਤਾਂ ਤੋਂ ਬਾਅਦ ਸਕੂਲ ਦੀ ਇਮਾਰਤ ਦਾ ਰੰਗ ਰੋਗਨ ਅਤੇ ਹੋਰ ਮੁਰੰਮਤ ਦਾ ਕੰਮ ਕਰਨ ਦੀ ਲੋੜ ਸੀ ਜਿਸ 'ਤੇ ਉਨ੍ਹਾਂ ਵਲੋਂ ਚੇਅਰਮੈਨ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਲਿਖਤੀ ਬੇਨਤੀ ਕਰਕੇ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਕਰਨ ਦੀ ਪ੍ਰਵਾਨਗੀ ਮੰਗੀ ਸੀ ਜਿਸ 'ਤੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੇ ਐੱਸ.ਡੀ.ਐੱਮ ਮਜੀਠਾ ਨੂੰ ਮੌਕਾ ਵੇਖ ਕੇ ਰਿਪੋਰਟ ਕਰਨ ਲਈ ਕਿਹਾ | ਇਸ ਦੌਰੇ ਦੌਰਾਨ ਐੱਸ.ਡੀ.ਐੱਮ ਮਜੀਠਾ ਨੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਸਕੂਲ ਵਿਚ ਚੱਲ ਰਹੀ ਸਿਖਿਆ ਅਤੇ ਹੋਰ ਗਤੀਵਿਧੀਆਂ ਦੀ ਜਾਣਕਾਰੀ ਲਈ | ਜਿਸ ਤੋਂ ਐੱਸ.ਡੀ.ਐੱਮ ਮਜੀਠਾ ਬਹੁਤ ਪ੍ਰਭਾਵਿਤ ਹੋਏ ਅਤੇ ਸਕੂਲ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ |