ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)- ਜਲੰਧਰ ਦੇ ਭਾਰਗਵ ਕੈਂਪ ਖੇਤਰ 'ਚ ਨਾਮੀ ਜਵੈਲਰਜ਼ ਦੀ ਦੁਕਾਨ 'ਤੇ ਦਿਨ-ਦਿਹਾੜੇ ਹੋਈ ਡਕੈਤੀ ਨੇ ਪੂਰੇ ਵਪਾਰਕ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ | ਤਿੰਨ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵਲੋਂ ਦੁਕਾਨ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ 'ਤੇ ਨਕਦੀ ਅਤੇ ਸੋਨਾ ਲੁੱਟਣ ਦੀ ਘਟਨਾ ਨਾਲ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ | ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਵਪਾਰੀਆਂ 'ਚ ਵੱਧ ਰਹੀ ਅਸੁਰੱਖਿਆ ਦੀ ਚਿੰਤਾਜਨਕ ਉਦਾਹਰਨ ਦੱਸਿਆ | ਉਨ੍ਹਾਂ ਨੇ ਕਿਹਾ ਕਿ ਇਸ ਡਕੈਤੀ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਫ਼ਤਾਰ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਸੂਬੇ 'ਚ ਵੱਧ ਰਹੀ ਅਪਰਾਧ ਦਰ ਨੂੰ ਰੋਕਣ ਲਈ ਪੁਲਿਸ ਗਸ਼ਤ ਅਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ | ਵਪਾਰਕ ਅਦਾਰਿਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਤਾਂ ਜੋ ਡਰ-ਮੁਕਤ ਮਾਹੌਲ 'ਚ ਕਾਰੋਬਾਰ ਚਾਲੂ ਰੱਖੇ ਜਾ ਸਕਣ | ਉਨ੍ਹਾਂ ਨੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ ਵਿਰੁੱਧ ਤੁਰੰਤ ਅਤੇ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੂਬੇ ਦਾ ਵਪਾਰਕ ਭਾਈਚਾਰਾ ਰਾਜ ਵਿਆਪੀ ਅੰਦੋਲਨ 'ਤੇ ਵਿਚਾਰ ਕਰਨ ਲਈ ਮਜਬੂਰ ਹੋਵੇਗਾ |