ਬੀ.ਆਰ.ਟੀ.ਐੱਸ. ਰੂਟ ਨੂੰ ਤੋੜਣ ਲਈ ਨਗਰ ਨਿਗਮ ਵਲੋਂ ਵਰਕ ਆਰਡਰ ਜਾਰੀ ਕਰਨ ’ਤੇ ਵਿਕਾਸ ਸੋਨੀ ਨੇ ਚੁੱਕੇ ਸਵਾਲ
ਅੰਮ੍ਰਿਤਸਰ, 27 ਸਤੰਬਰ (ਹਰਮਿੰਦਰ ਸਿੰਘ)- ਬੀ. ਆਰ.
ਅੰਮ੍ਰਿਤਸਰ, 27 ਸਤੰਬਰ (ਹਰਮਿੰਦਰ ਸਿੰਘ)- ਬੀ.ਆਰ.ਟੀ.ਐੱਸ. ਰੂਟ ਨੂੰ ਤੌੜਣ ਲਈ ਨਗਰ ਨਿਗਮ ਵਲੋਂ ਵਰਕ ਆਰਡਰ ਜਾਰੀ ਕੀਤੇ ਜਾਣ ’ਤੇ ਨਗਰ ਨਿਗਮ ਵਿਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੌਂਸਲਰ ਦਲ ਦੇ ਆਗੂ ਕੌਂਸਲਰ ਵਿਕਾਸ ਸੋਨੀ ਨੇ ਗੰਭੀਰ ਸਵਾਲ ਚੁੱਕੇ ਹਨ । ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਵਿਚ ਸਭ ਕੁਝ ਗਲਤ ਢੰਗ ਨਾਲ ਚੱਲ ਰਿਹਾ ਹੈ ਅਤੇ ਜੇਕਰ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਈ ਵੱਡੇ ਕਥਿਤ ਘਪਲੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਬੀ.ਆਰ.ਟੀ.ਐੱਸ. ਰੂਟ ਨੂੰ ਤੋੜਨ ਸੰਬੰਧੀ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵਲੋਂ ਕਥਿਤ ਤੌਰ ’ਤੇ ਨਗਰ ਨਿਗਮ ਐਟੀਸੀਪੈਸ਼ਿਨ ਪ੍ਰਵਾਨਗੀ ਦੇ ਆਧਾਰ ’ਤੇ ਟੈਂਡਰ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਟੈਂਡਰ ਖੁੱਲ੍ਹਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵਲੋਂ ਕਥਿਤ ਤੌਰ ’ਤੇ ਵਿੱਤ ਅਤੇ ਠੇਕਾ ਕਮੇਟੀ ਦੀ ਐਟੀਸੀਪੈਸ਼ਿਨ ਪ੍ਰਵਾਨਗੀ ਦੇ ਆਧਾਰ ’ਤੇ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਰੂਟ ਤੋੜਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਵਿਕਾਸ ਸੋਨੀ ਨੇ ਕਿਹਾ ਕਿ ਪਿਛਲੇ 20 ਮਹੀਨਿਆਂ ਦੌਰਾਨ ਨਗਰ ਨਿਗਮ ਜਨਰਲ ਹਾਊਸ ਦੀ ਸਿਰਫ਼ ਦੋ ਵਾਰ ਮੀਟਿੰਗ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦੋਵੇਂ ਮੀਟਿੰਗਾਂ ਦੌਰਾਨ ਵੀ ਇਕ-ਦੋ ਮਿੰਟਾਂ ਵਿਚ ਹੀ ਧੱਕੇਸ਼ਾਹੀ ਅਤੇ ਸ਼ੋਰ-ਸ਼ਰਾਬੇ ਦੇ ਮਾਹੌਲ ਵਿਚ ਪ੍ਰਸਤਾਵਾਂ ਨੂੰ ਮਨਜ਼ੂਰ ਐਲਾਨ ਦਿੱਤਾ ਜਾਂਦਾ ਹੈ, ਜੋ ਲੋਕਤੰਤਰਿਕ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦਾ ਹੈ। ਕੌਂਸਲਰ ਵਿਕਾਸ ਸੋਨੀ ਨੇ ਮੰਗ ਕੀਤੀ ਕਿ ਬੀ.ਆਰ.ਟੀ.ਐੱਸ. ਪ੍ਰੋਜੈਕਟ, ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਦੀ ਸਮੱਸਿਆ ਸਮੇਤ ਅਹਿਮ ਮੁੱਦਿਆਂ ’ਤੇ ਨਗਰ ਨਿਗਮ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇ ਅਤੇ ਸਾਰੇ ਕੌਂਸਲਰਾਂ ਦੀ ਰਾਇ ਲਈ ਜਾਵੇ ਅਤੇ ਉਸ ਤੋਂ ਬਾਅਦ ਹੀ ਕਿਸੇ ਅਹਿਮ ਪ੍ਰਸਤਾਵ ’ਤੇ ਫੈਸਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਕਥਿਤ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ 29 ਸਤੰਬਰ, ਮੰਗਲਵਾਰ ਨੂੰ ਕਾਂਗਰਸ ਦੇ ਸਮੂਹ ਕੌਂਸਲਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਵਲੋਂ ਨਗਰ ਨਿਗਮ ਦਫ਼ਤਰ, ਰਣਜੀਤ ਐਵੀਨਿਊ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।