ਰਾਜਾਸਾਂਸੀ (ਅੰਮ੍ਰਿਤਸਰ), 18 ਨਵੰਬਰ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਦੇ ਬਾਹਰ ਯਾਤਰੀਆਂ ਅਤੇ ਉਨ੍ਹਾਂ ਨੂੰ ਲੈਣ-ਛੱਡਣ ਆਉਣ ਵਾਲੇ ਪਰਿਵਾਰਿਕ ਮੈਂਬਰਾਂ ਦੀ ਸਹੂਲਤ ਲਈ ਬਣਾਏ ਗਏ ਪਬਲਿਕ ਪਖਾਨਿਆਂ ਵਿਚ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਪਖਾਨੇ ਤਾਂ ਚਾਲੂ ਰੱਖੇ ਗਏ ਹਨ, ਪਰ ਉੱਥੇ ਪਾਣੀ ਦੀ ਇਕ ਬੂੰਦ ਵੀ ਉਪਲਬਧ ਨਹੀਂ, ਜਿਸ ਕਾਰਨ ਉਨ੍ਹਾਂ ਨੂੰ ਬੇਹੱਦ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 2 ਵਜੇ ਤੋਂ ਇਨ੍ਹਾਂ ਪਬਲਿਕ ਪਖਾਨਿਆਂ ਵਿਚ ਪਾਣੀ ਦੀ ਸਪਲਾਈ ਬੰਦ ਹੋ ਗਈ। ਇਸ ਦੇ ਬਾਵਜੂਦ ਪਖਾਨਿਆਂ ਨੂੰ ਬੰਦ ਨਹੀਂ ਕੀਤਾ ਗਿਆ ਅਤੇ ਨਾ ਹੀ ਯਾਤਰੀਆਂ ਨੂੰ ਇਨ੍ਹਾਂ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ। ਨਤੀਜੇ ਵਜੋਂ ਯਾਤਰੀ ਪੇਸ਼ਾਬ ਅਤੇ ਪਖਾਨੇ ਲਈ ਅੰਦਰ ਤਾਂ ਜਾ ਰਹੇ ਹਨ, ਪਰ ਬਾਹਰ ਆਉਣ ਸਮੇਂ ਪਾਣੀ ਦੀ ਸਹੂਲਤ ਨਾ ਮਿਲਣ ਕਾਰਨ ਡਾਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਹ ਸਥਿਤੀ ਹਵਾਈ ਅੱਡੇ ’ਤੇ ਸਫ਼ਾਈ ਅਤੇ ਮੁੱਢਲੀਆਂ ਸਹੂਲਤਾਂ ਦੇ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।
ਇਸ ਸੰਬੰਧੀ ਜਦੋਂ ਸੰਬੰਧਿਤ ਸੁਪਰਵਾਈਜ਼ਰ ਗੌਰਵ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਪਾਣੀ ਦੀ ਸਪਲਾਈ ਬੰਦ ਹੋਣ ਦੇ ਕਾਰਨਾਂ ਬਾਰੇ ਕੋਈ ਠੋਸ ਜਵਾਬ ਨਹੀਂ ਦੇ ਸਕੇ। ਉਨ੍ਹਾਂ ਵਲੋਂ ਵੀ ਇਸ ਸਮੱਸਿਆ ਸੰਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਦੂਜੇ ਪਾਸੇ, ਪਾਣੀ ਦੀ ਸਪਲਾਈ ਬੰਦ ਹੋਣ ਦੇ ਬਾਵਜੂਦ ਪਖਾਨਿਆਂ ਨੂੰ ਚਾਲੂ ਰੱਖਣਾ ਯਾਤਰੀਆਂ ਲਈ ਹੋਰ ਵੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ।
ਲੋਕਾਂ ਨੇ ਹਵਾਈ ਅੱਡਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ ਅਤੇ ਜਦੋਂ ਤੱਕ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਪਖਾਨਿਆਂ ਦੀ ਵਰਤੋਂ ਸੰਬੰਧੀ ਯਾਤਰੀਆਂ ਨੂੰ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਹਵਾਈ ਅੱਡੇ ਵਰਗੀ ਮਹੱਤਵਪੂਰਨ ਜਗ੍ਹਾ ’ਤੇ ਮੁੱਢਲੀ ਸਹੂਲਤ ਦਾ ਇਸ ਤਰ੍ਹਾਂ ਪ੍ਰਭਾਵਿਤ ਹੋਣਾ ਬੇਹੱਦ ਮੰਦਭਾਗਾ ਹੈ। ਜਦ ਇਸ ਸਬੰਧੀ ਏਅਰਪੋਰਟ ਦੇ ਡਾਇਰੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਮਿਲੀ ਸੀ ਪਰੰਤੂ ਤੁਰੰਤ ਹੱਲ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਅੰਮ੍ਰਿਤਸਰ ਏਅਰਪੋਰਟ ਦੇ ਪਬਲਿਕ ਪਖਾਨਿਆਂ ’ਚ ਪਾਣੀ ਗਾਇਬ, ਯਾਤਰੀ ਪ੍ਰੇਸ਼ਾਨ
ਰਾਜਾਸਾਂਸੀ (ਅੰਮ੍ਰਿਤਸਰ), 18 ਨਵੰਬਰ (ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਦੇ ਬਾਹਰ ਯਾਤਰੀਆਂ...
ਅਜੀਤ ਡੈਸਕ
18-11-2026