ਰਾਜਾਸਾਂਸੀ, 3 ਨਵੰਬਰ (ਹਰਦੀਪ ਸਿੰਘ ਖੀਵਾ)- ਦੋ ਕਿਸਾਨ ਪਰਿਵਾਰਾਂ 'ਚ ਰਾਜਾਸਾਂਸੀ 'ਚ ਜ਼ਮੀਨ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਭਾਰੀ ਤਕਰਾਰ ਚੱਲ ਰਿਹਾ ਹੈ, ਜਦੋਂ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਲੋਪੋਕੇ ਅਤੇ ਪੁਲਿਸ ਅਧਿਕਾਰੀਆਂ ਦੇ ਧਿਆਨ ਹਿਤ ਚੱਲ ਰਹੀ ਹੈ | ਇਸ ਸੰਬੰਧੀ ਰਾਜਾਸਾਂਸੀ ਦੇ ਨੌਜਵਾਨ ਕੁੰਵਰ ਰਣਬੀਰ ਸਿੰਘ ਬਬਲੂ ਸੰਧਾਵਾਲੀਆ ਦੀ ਹਾਜ਼ਰੀ 'ਚ ਉਸ ਦੀ ਮਾਤਾ ਨਿਰਮਲਜੀਤ ਕੌਰ ਪਤਨੀ ਸਵਰਗਵਾਸੀ ਵਾਸੀ ਰਾਜਾਸਾਂਸੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਗੁਰਨਾਮ ਸਿੰਘ ਤੇ ਉਨ੍ਹਾਂ ਦੇ ਪੁੱਤਰ ਬਲਜਿੰਦਰ ਸਿੰਘ ਬਿੱਟੂ ਨਾਲ ਸਾਂਝਾ ਚੱਲਦਾ ਸੀ, ਪ੍ਰੰਤੂ ਜਦ ਮੈਂ ਤੇ ਮੇਰਾ ਪੁੱਤਰ ਬੱਬਲੂ ਸੰਧਾਵਾਲੀਆ ਰਾਜਾਸਾਂਸੀ ਤੋਂ ਬਾਹਰ ਵਿਦੇਸ਼ ਕੁਝ ਸਮੇਂ ਲਈ ਗਏ ਸੀ ਤਾਂ ਬਲਜਿੰਦਰ ਸਿੰਘ ਵਲੋਂ ਜ਼ਮੀਨ ਦੇ ਕੁਝ ਪਲਾਟ ਸਾਨੂੰ ਜਾਣਕਾਰੀ ਦੇਣ ਤੋਂ ਬਿਨਾ ਵੇਚਣ ਲਈ ਬਿਆਨੇ ਕਰ ਦਿੱਤੇ ਸਨ ਤੇ ਜਦੋਂ ਮੇਰੇ ਪੁੱਤਰ ਨੂੰ ਪਤਾ ਲੱਗਾ ਤੇ ਉਸ ਨੇ ਪਲਾਟਾਂ ਦੀਆਂ ਰਜਿਸਟਰੀਆਂ ਹੋਣ ਤੋਂ ਰੋਕ ਦਿੱਤੀਆਂ | ਉਨ੍ਹਾਂ ਦੱਸਿਆ ਕਿ ਮੈਂ ਪੁੱਤਰ ਨੂੰ ਸਮਝਾ ਕੇ ਰਜਿਸਟਰੀਆਂ ਕਰਵਾਉਣ ਲਈ ਰਾਜੀ ਹੋ ਗਈ ਸੀ ਪ੍ਰੰਤੂ ਬਲਜਿੰਦਰ ਸਿੰਘ ਵਲੋਂ ਮੇਰੇ ਨਾਲ ਧੋਖਾ ਕੀਤਾ ਗਿਆ | ਇਸ ਸੰਬੰਧੀ ਕੁੰਵਰ ਰਣਬੀਰ ਸਿੰਘ ਬਬਲੂ ਸੰਧਾਵਾਲੀਆ ਨੇ ਦੱਸਿਆ ਕਿ ਸਾਡੇ ਇੱਥੇ ਪਹੰੁਚਣ ਤੋਂ ਬਾਅਦ ਬਲਜਿੰਦਰ ਸਿੰਘ ਵਲੋਂ ਮੇਰੀ ਮਾਤਾ ਨਿਰਮਲ ਜੀਤ ਕੌਰ ਨੂੰ ਭਰੋਸੇ ਵਿਚ ਲੈ ਕੇ ਰਜਿਸਟਰੀਆਂ ਕਰਵਾਉਣ ਲਈ ਕਚਹਿਰੀ ਲੈ ਗਏ ਸਨ ਜਦੋਂ ਕਿ ਸਾਡੇ ਨਾਲ ਜ਼ਾਅਲਸਾਜ਼ੀ ਕਰਕੇ ਮੁਖਤਾਰਨਾਮਾ ਲੈ ਲਿਆ ਗਿਆ ਤੇ ਪਿੰਡ ਅਦਲੀਵਾਲਾ ਦੇ ਸੁਖਚੈਨ ਸਿੰਘ ਨੂੰ ਵੀ ਬਿਨਾ ਦੱਸੇ ਪਲਾਟ ਵੇਚ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਤੇ ਐੱਸ. ਡੀ. ਐੱਮ. ਲੋਪੋਕੇ ਕੋਲ ਜਾਂਚ ਚੱਲ ਰਹੀ ਹੈ | ਬਬਲੂ ਸੰਧਾਵਾਲੀਆ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਨਸਾਨ ਦੀ ਗੁਹਾਰ ਲਾਈ ਹੈ ਕਿ ਮਾਮਲੇ ਦੀ ਤਹਿ ਵਿਚ ਜਾ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਜਦ ਦੂਜੀ ਧਿਰ ਦੇ ਬਲਜਿੰਦਰ ਸਿੰਘ ਬਿੱਟੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਉਕਤ ਦੋਸ਼ਾਂ ਨੂੰ ਮੂਲੋਂ ਨਕਾਰਦਿਆਂ ਕਿਹਾ ਕਿ ਸਾਰੀ ਜਾਇਦਾਦ ਇਨ੍ਹਾਂ ਨੂੰ ਦੱਸ ਕੇ ਵੇਚੀ ਹੈ ਤੇ ਬਣਦੇ ਹਿੱਸੇ ਦੀ ਰਕਮ ਵੀ ਇਨ੍ਹਾਂ ਦੇ ਖਾਤੇ ਵਿਚ ਪਾਈ ਗਈ ਹੈ | ਉਨ੍ਹਾਂ ਵੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਪੜਤਾਲ ਕੀਤੀ ਜਾਵੇ |
ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ 'ਚ ਤਕਰਾਰ ਦਾ ਇਕ ਧਿਰ ਨੇ ਜਾਅਲੀ ਮੁਖਤਾਰਨਾਮਾ ਬਣਾ ਕੇ ਪਲਾਟ ਵੇਚਣ ਦੇ ਲਗਾਏ ਦੋਸ਼
ਅਜੀਤ ਡੈਸਕ
04-11-2025