ਛੇਹਰਟਾ, 3 ਨਵੰਬਰ (ਪੱਤਰ ਪ੍ਰੇਰਕ)- ਕੋਟ ਖਾਲਸਾ ਪੁਲਿਸ ਚੌਂਕੀ 'ਚ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਹੋਣ ਦੇ ਲੱਗੇ ਗੰਭੀਰ ਦੋਸ਼ਾਂ ਤਹਿਤ ਅੱਜ ਪੀੜਤ ਪਰਿਵਾਰ ਦੀ ਹਮਾਇਤ 'ਚ ਸਿੱਖ ਜਥੇਬੰਦੀਆਂ ਅੱਗੇ ਆਈਆਂ | ਜਥੇਬੰਦੀਆਂ ਦੇ ਆਗੂਆਂ ਨੇ ਜਿੱਥੇ ਇਸ ਮਾਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ, ਉੱਥੇ ਇਸ ਸੰਬੰਧੀ ਨਿਰਪੱਖ ਜਾਂਚ ਕਰਵਾਉਣ ਅਤੇ ਕਸੂਰਵਾਰ ਪਾਏ ਜਾਣ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਨੌਜਵਾਨ 'ਤੇ ਪਾਇਆ ਝੂਠਾ ਪਰਚਾ ਰੱਦ ਕਰਨ ਦੀ ਮੰਗ ਕੀਤੀ | ਦੂਜੇ ਪਾਸੇ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਕੇਵਲ ਸੁਰੱਖਿਆ ਦੇ ਨਜ਼ਰੀਏ ਕਾਰਨ ਨੌਜਵਾਨ ਦੇ ਕਕਾਰ ਲੁਹਾਏ ਗਏ ਸਨ | ਸਿੱਖ ਜਥੇਬੰਦੀਆਂ ਦੀ ਹਾਜ਼ਰੀ ਵਿਚ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਵਾਂਢ 'ਚ ਰਹਿੰਦੇ ਬਾਗੜੀਆਂ ਨੇ ਨਾ ਕੇਵਲ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ, ਬਲਕਿ ਘਰੋਂ ਮੋਟਰਸਾਈਕਲ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਸੀ | ਮੁਹੱਲਾ ਵਾਸੀਆਂ ਦੇ ਇਕੱਠੇ ਹੋਣ ਤੋਂ ਬਾਅਦ ਹਮਲਾਵਰ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਸਾਡਾ ਲੜਕਾ ਉਹ ਮੋਟਰਸਾਈਕਲ ਦੇਣ ਲਈ ਪੁਲਿਸ ਚੌਂਕੀ ਗਿਆ ਤਾਂ ਪੁਲਿਸ ਨੇ ਉਲਟਾ ਉਸ 'ਤੇ ਮਾਮਲਾ ਦਰਜ ਕਰਨ ਉਪਰੰਤ ਉਸ ਦੇ ਕਕਾਰ ਸ੍ਰੀ ਸਾਹਿਬ, ਪੱਗ ਉਤਾਰ ਕੇ ਹਵਾਲਾਤ 'ਚ ਬੰਦ ਕਰ ਦਿੱਤਾ | ਇਸ ਮੌਕੇ ਸੁਖਦੇਵ ਸਿੰਘ, ਨਿਹੰਗ ਜਥੇਬੰਦੀ ਆਗੂ ਹੀਰਾ ਸਿੰਘ, ਕਿਸਾਨ ਆਗੂ ਮੇਜਰ ਸਿੰਘ ਆਦਿ ਵੀ ਹਾਜ਼ਰ ਸਨ |
-ਮਾਮਲਾ ਪੁਲਿਸ ਚੌਂਕੀ 'ਚ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਦਾ- ਪੀੜਤ ਪਰਿਵਾਰ ਦੀ ਹਮਾਇਤ 'ਚ ਆਈਆਂ ਸਿੱਖ ਜਥੇਬੰਦੀਆਂ
ਅਜੀਤ ਡੈਸਕ
04-11-2025