ਅੰਮਿ੍ਤਸਰ, 3 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਖੋਸਤ ਪ੍ਰਾਂਤ 'ਚ ਤਕਨੀਕੀ ਅਤੇ ਵੋਕੇਸ਼ਨਲ ਇੰਸਟੀਚਿਊਟ ਦੇ ਗ੍ਰੈਜੂਏਟਾਂ ਲਈ ਕਰਵਾਏ ਸਮਾਗਮ 'ਚ ਪਹੁੰਚੇ ਤਾਲਿਬਾਨ ਦੇ ਉਪ ਮੰਤਰੀ ਮੁਹੰਮਦ ਨਬੀ ਓਮਰੀ ਨੂੰ ਵਿਦਿਆਰਥੀਆਂ ਵਲੋਂ 'ਗ੍ਰੇਟਰ ਅਫ਼ਗਾਨਿਸਤਾਨ' ਦਾ ਨਕਸ਼ਾ ਪੇਸ਼ ਕੀਤਾ ਗਿਆ | ਇਹ ਨਕਸ਼ੇ 'ਚ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਨੂੰ ਅਫ਼ਗਾਨਿਸਤਾਨ ਦੇ ਹਿੱਸੇ ਵਜੋਂ ਦਰਸਾਇਆ ਗਿਆ ਹੈ | ਇਸ ਨਾਲ ਪਾਕਿ 'ਚ ਰਾਜਨੀਤਿਕ ਉਥਲ-ਪੁਥਲ ਪੈਦਾ ਹੋ ਗਈ ਹੈ | ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਅਫ਼ਗਾਨ ਫ਼ੌਜ ਵਰਗੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ | ਦੱਸਣਯੋਗ ਹੈ ਕਿ 'ਗ੍ਰੇਟਰ ਅਫ਼ਗਾਨਿਸਤਾਨ' ਜਾਂ 'ਪਸ਼ਤੂਨਿਸਤਾਨ' ਦਾ ਵਿਚਾਰ ਨਵਾਂ ਨਹੀਂ ਹੈ | ਅਫ਼ਗਾਨਿਸਤਾਨ ਲੰਬੇ ਸਮੇਂ ਤੋਂ ਉਸ ਦੀ ਪਾਕਿ ਨਾਲ ਲੱਗਦੀ ਸਰਹੱਦ 'ਡੁਰੰਡ ਲਾਈਨ' ਨੂੰ ਪਾਕਿਸਤਾਨ ਦੀ ਅਧਿਕਾਰਤ ਸਰਹੱਦ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰਦਾ ਆ ਰਿਹਾ ਹੈ |