ਰਾਜਾਸਾਂਸੀ, 23 ਨਵੰਬਰ (ਹਰਦੀਪ ਸਿੰਘ ਖੀਵਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੇਰ ਵਿਚ ਅੱਜ ਬਲਾਕ ਪੱਧਰੀ ਟੀਚਰ ਫੈਸਟ (ਅਧਿਆਪਕ ਸਮਾਗਮ) ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਰ ਵਿਸ਼ੇ ਦੇ ਅਧਿਆਪਕਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ | ਇਸ ਮੌਕੇ ਡਾ. ਗਗਨਦੀਪ ਕੌਰ, ਵਿਗਿਆਨ ਖੋਜ (ਸਾਇੰਸ ਮਿਸਟ੍ਰੈਸ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਂਸਰਾ ਕਲਾਂ ਨੇ ਅਧਿਆਪਕਾਂ ਅਤੇ ਜੱਜ ਸਾਹਿਬਾਨ ਸਾਹਮਣੇ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਤਿਆਰ ਕੀਤੀਆਂ ਵਿਸ਼ੇਸ਼ ਐਪਸ ਅਤੇ ਵੈਬਸਾਈਟ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ | ਡਾ. ਗਗਨਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਐਪਸ ਵਿਦਿਆਰਥੀਆਂ ਦੀ ਵਿਵੇਕ ਪੂਰਨ ਸੋਚ, ਜਿਗਿਆਸਾ ਅਤੇ ਵਿਗਿਆਨਕ ਰੁਝਾਨ ਨੂੰ ਵਧਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣਗੀਆਂ | ਐਪਸ ਵਿਚ ਐਨੀਮੇਸ਼ਨ ਅਤੇ ਅਡਵਾਂਸ ਏ ਆਈ ਟੂਲਜ਼ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਵਿਦਿਆਰਥੀ ਗਿਆਨ ਨੂੰ ਹੋਰ ਸਰਲ, ਰੌਚਿਕ ਅਤੇ ਤਕਨੀਕੀ ਢੰਗ ਨਾਲ ਹਾਸਿਲ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਐਪਸ ਅਤੇ ਵੈਬਸਾਈਟ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਉਨ੍ਹਾਂ ਬੱਚਿਆਂ ਨੂੰ ਸਮਰਪਿਤ ਕੀਤੀਆਂ ਹਨ, ਜੋ ਬਾਜ਼ਾਰ ਵਿਚ ਮੌਜੂਦ ਐਪਸ ਜਾਂ ਵੈਬਸਾਈਟ ਨਹੀਂ ਖਰੀਦ ਸਕਦੇ | ਉਕਤ ਡਾ: ਗਗਨਦੀਪ ਕੌਰ ਦੇ ਯਤਨ ਸਦਕਾ ਵਿਦਿਆਰਥੀ ਬੱਚੇ ਬਿਨਾ ਕਿਸੇ ਖ਼ਰਚੇ ਦੇ ਇਨ੍ਹਾਂ ਡਿਜੀਟਲ ਸਾਧਨਾਂ ਦਾ ਲਾਭ ਲੈ ਸਕਣਗੇ ਅਤੇ ਵੱਖ-ਵੱਖ ਸਾਇੰਸ ਵਿਸ਼ੇ ਦੇ ਮੁਕਾਬਲਿਆਂ ਦੀ ਤਿਆਰੀ ਵੀ ਆਸਾਨੀ ਨਾਲ ਕਰ ਸਕਣਗੇ | ਇਸ ਦੌਰਾਨ ਅਧਿਆਪਕਾਂ ਅਤੇ ਜੱਜ ਸਾਹਿਬਾਨ ਵਲੋਂ ਡਾ. ਗਗਨਦੀਪ ਕੌਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਪਹਿਲਾਂ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰ: ਵਰਿੰਦਰ ਸਿੰਘ ਅਤੇ ਸਮੁੱਚੇ ਸਟਾਫ ਮੈਂਬਰਾਂ ਨੇ ਡਾ. ਗਗਨਦੀਪ ਕੌਰ ਨੂੰ ਦਿਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ |