ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)- ਜ਼ਿਲ੍ਹੇ ਦੇ ਖੇਤਰ ਰਾਜਾਸਾਂਸੀ ਦੇ ਭਿੰਡੀ ਸੈਦਾਂ ਹਲਕੇ ਦੇ ਸਰਪੰਚ ਸੁਰਜੀਤ ਸਿੰਘ 'ਤੇ ਹੋਏ ਹਮਲੇ ਤੋਂ ਬਾਅਦ ਮੌਜੂਦਾ ਵਿਧਾਇਕ ਵਲੋਂ ਸਰਪੰਚ ਤੇ ਉਸਦੇ ਪਰਿਵਾਰਿਕ ਮੈਂਬਰਾਂ ਖਿਲਾਫ ਦਰਜ ਕਰਵਾਈ ਐੱਫ. ਆਈ. ਆਰ. ਦੇ ਵਿਰੋਧ ਵਿਚ ਕਾਂਗਰਸ ਨੇ ਅੱਜ ਰਾਜਾਸਾਂਸੀ, ਮਜੀਠਾ ਅਤੇ ਅਜਨਾਲਾ ਹਲਕਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਕਿਹਾ ਕਿ ਇਸੇ ਪਰਚੇ ਦੀ ਆੜ 'ਚ ਆਪ ਸਰਕਾਰ ਨੇ ਸਾਬਕਾ ਮੰਤਰੀ ਤੇ ਮੌਜੂਦਾ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਉਨ੍ਹਾਂ ਦੇ ਭਤੀਜੇ ਦਿਲਰਾਜ ਸਿੰਘ ਸਰਕਾਰੀਆ ਨੂੰ ਵੀ ਝੂਠੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ | ਇਹ ਖੁਲਾਸਾ ਅੱਜ ਇੱਥੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਦਿਲਰਾਜ ਸਿੰਘ ਸਰਕਾਰੀਆ ਤੇ ਭਗਵੰਤਪਾਲ ਸਿੰਘ ਸੱਚਰ ਨੇ ਸਾਂਝੇ ਤੌਰ 'ਤੇ ਕਰਵਾਏ ਪੱਤਰਕਾਰ ਸੰਮੇਲਨ 'ਚ ਕਰਦਿਆਂ ਦੱਸਿਆ ਕਿ ਆਪ ਸਰਕਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਚੋਣਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਉਹ ਅਜਿਹੀਆਂ ਇਕ ਪਾਸੜ ਚੋਣਾਂ 'ਚ ਉਹ ਧਿਰ ਨਹੀਂ ਬਣੇਗੀ | ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਰਾਜਨੀਤਿਕ ਸੰਦ ਵਜੋਂ ਵਰਤਿਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸੀ ਸਮਰਥਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ 70 ਪ੍ਰਤੀਸ਼ਤ ਹਲਕਿਆਂ ਵਿਚ ਪੁਲਿਸ ਅਤੇ ਗੁੰਡਿਆਂ ਦੁਆਰਾ ਦਬਾਅ ਪਾਇਆ ਗਿਆ ਅਤੇ ਕਈ ਖੇਤਰਾਂ 'ਚ ਕਾਗਜ਼ ਹੀ ਦਾਖਲ ਨਹੀਂ ਹੋਣ ਦਿੱਤੇ | ਮਜੀਠਾ ਵਿਖੇ 33 'ਚੋਂ ਕੇਵਲ 7 ਕਾਂਗਰਸੀ ਉਮੀਦਵਾਰ ਹੀ ਕਾਗਜ ਦਾਖਲ ਕਰਵਾ ਸਕੇ | ਸੰਸਦ ਮੈਂਬਰ ਸ: ਔਜਲਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨੂੰ ਸੁਰਜੀਤ ਸਿੰਘ ਵਾਂਗ ਗੁੰਡਿਆਂ ਦੇ ਹਮਲੇ ਦਾ ਸਾਹਮਣਾ ਕਰਨਾ ਪਵੇ ਜਾਂ ਕਿਸੇ ਮਾਂ ਦੇ ਪੁੱਤਰ ਨੂੰ ਜ਼ਿੰਦਗੀ ਅਤੇ ਮੌਤ ਦਾ ਸਾਹਮਣਾ ਕਰਨਾ ਪਵੇ, ਇਸ ਤੋਂ ਬੇਹਤਰ ਹੈ ਕਿ ਉਹ ਚੋਣਾਂ ਹੀ ਨਾ ਲੜਨ | ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਭਿੰਡੀ ਸੈਦਾਂ ਦੇ ਮੌਜੂਦਾ ਸਰਪੰਚ ਨੂੰ ਪੁਲਿਸ ਅਤੇ ਚੋਣ ਅਧਿਕਾਰੀਆਂ ਦੀ ਮੌਜੂਦਗੀ ਵਿਚ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਗਿਆ ਤੇ ਉਨ੍ਹਾਂ ਦੇ ਪਰਿਵਾਰ ਦੇ 2 ਮੈਂਬਰ ਹਾਲੇ ਵੀ ਹਸਪਤਾਲ ਵਿਚ ਦਾਖਲ ਹਨ ਅਤੇ ਪੂਰੀ ਘਟਨਾ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ | ਇਸ ਦੇ ਬਾਵਜੂਦ ਪੁਲਿਸ ਨੇ ਪੀੜਤਾਂ ਦੀ ਬਜਾਏ ਵਿਧਾਇਕ ਸੁੱਖ ਸਰਕਾਰੀਆ ਅਤੇ ਉਨ੍ਹਾਂ ਦੇ ਪੁੱਤਰ ਦਿਲਰਾਜ ਸਰਕਾਰੀਆ ਵਿਰੁੱਧ ਕੇਸ ਦਰਜ ਕੀਤਾ | ਇਹ ਕੇਸ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਧਾਲੀਵਾਲ ਵਿਰੁੱਧ ਦਰਜ ਕੀਤਾ ਜਾਣਾ ਚਾਹੀਦਾ ਸੀ ਜੋ ਇਸ ਸਭ ਦੇ ਪਿੱਛੇ ਕਥਿਤ ਤੌਰ 'ਤੇ ਹੈ | ਕਾਂਗਰਸੀ ਆਗੂਆਂ ਨੇ ਆਪ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਲਗਾਏ ਗਏ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਅਤੇ ਕਿਹਾ ਕਿ ਜੇਕਰ ਧਾਲੀਵਾਲ ਆਪਣੇ ਬਿਆਨਾਂ 'ਤੇ ਵਿਸ਼ਵਾਸ ਰੱਖਦੇ ਹਨ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਸੱਚ ਦੀ ਸਹੁੰ ਖਾਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਹਾਈ ਕੋਰਟ ਦੇ ਜੱਜ ਭਿੰਡੀ ਸੈਦਾਂ ਘਟਨਾ ਦੀ ਜਾਂਚ ਕਰਕੇ ਸੱਚਾਈ ਦਾ ਖੁਲਾਸਾ ਕਰਨ |
ਕਾਂਗਰਸ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਬਾਈਕਾਟ ਦਾ ਐਲਾਨ
ਅਜੀਤ ਡੈਸਕ
07-12-2025