ਅੰਮਿ੍ਤਸਰ, 18 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ 'ਚ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਰੁੱਝੇ ਲਾਹੌਰ ਦੀ ਚੂਨਾ ਮੰਡੀ ਸਥਿਤ ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਦੇ ਘਰ ਦੇ ਸਾਰੇ ਤਾਲੇ ਤੋੜ ਕੇ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਇਆਂ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ | ਲਾਹੌਰ ਦੇ ਥਾਣਾ ਰਾਵੀ ਰੋਡ ਦੀ ਪੁਲਿਸ ਵਲੋਂ ਦਰਜ ਕੀਤੇ ਮਾਮਲਾ ਨੰਬਰ 025/2208 ਮੁਤਾਬਿਕ ਗਿਆਨੀ ਰਣਜੀਤ ਸਿੰਘ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਕਾਲੋਨੀ ਦੇ ਕੁਆਰਟਰ ਨੰਬਰ ਈ-13 'ਚ ਰਹਿ ਰਹੇ ਹਨ ਅਤੇ ਉਹ ਜਦੋਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵੱਖ-ਵੱਖ ਗੁਰਦੁਆਰਿਆਂ ਵਿਚ ਧਾਰਮਿਕ ਰਸਮਾਂ ਨਿਭਾਉਣ 'ਚ ਰੁੱਝੇ ਹੋਏ ਸਨ ਤਾਂ ਉਸ ਦੌਰਾਨ ਇਹ ਘਟਨਾ ਵਾਪਰੀ | ਜਦੋਂ ਉਹ ਧਾਰਮਿਕ ਸਮਾਗਮਾਂ ਦੇ ਖ਼ਤਮ ਹੋਣ ਉਪਰੰਤ ਘਰ ਪਰਤੇ ਤਾਂ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਹੋਇਆ ਸੀ | ਅਣਪਛਾਤੇ ਚੋਰ ਘਰ ਦੀਆਂ ਅਲਮਾਰੀਆਂ 'ਚੋਂ ਕੁਝ ਜ਼ਰੂਰੀ ਦਸਤਾਵੇਜ਼ ਵੀ ਲੈ ਗਏ ਹਨ |
ਲਾਹੌਰ 'ਚ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਰੁੱਝੇ ਹੈੱਡ ਗ੍ਰੰਥੀ ਰਣਜੀਤ ਸਿੰਘ ਦੇ ਘਰ ਚੋਰੀ
ਅਜੀਤ ਡੈਸਕ
19-12-2025