ਅੰਮਿ੍ਤਸਰ, 18 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਹਰਿਕ੍ਰਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਸਕੂਲ ਦੇ ਕਲਗੀਧਰ ਆਡੀਟੋਰੀਅਮ ਵਿਖੇ ਸਾਲਾਨਾ ਸਮਾਰੋਹ ਦੌਰਾਨ ਵੱਖ-ਵੱਖ ਕਲਾ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੋਹ ਲਿਆ | ਇਸ ਮੌਕੇ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸ਼ਬਦ ਗਾਇਣ ਉਪਰੰਤ ਬੱਚਿਆਂ ਦੁਆਰਾ 'ਵੈਲਕਮ ਡਾਂਸ ਅਤੇ ਟੋਕਾ-ਟੋਕਾ ਡਾਂਸ' ਪੇਸ਼ ਕਰਨ ਤੋਂ ਬਾਅਦ ਭਾਸ਼ਾ ਤੇ ਲਿਰਕਸ ਕੌਸ਼ਲ ਨੂੰ ਉਭਾਰਨ ਲਈ ਨਰਸਰੀ ਦੇ ਬੱਚਿਆਂ ਨੇ 'ਫਾਈਵ ਲਿਟਲ ਫਿੰਗਰਸ' ਕਵਿਤਾ 'ਐਕਸ਼ਨ' ਨਾਲ ਪੇਸ਼ ਕੀਤੀ | 'ਬਨੀ ਜੰਪ ਡਾਂਸ' ਦੌਰਾਨ ਬੱਚੇ ਖਰਗੋਸ਼ ਵਾਂਗ ਉੱਛਲਦੇ ਹੋਏ ਸਟੇਜ 'ਤੇ ਆਏ ਤੇ ਸੁਰੀਲੇ ਸੰਗੀਤ ਦੀ ਧੁੰਨ 'ਤੇ ਸੁੰਦਰ ਨਾਚ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ | 'ਫੈਂਸੀ ਡਰੈਸ' ਦੀ ਪੇਸ਼ਕਾਰੀ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਹੀ | ਬੱਚਿਆਂ ਨੇ ਵੱਖ-ਵੱਖ ਰੂਪਾਂ, ਰਾਸ਼ਟਰੀ ਨੇਤਾ, ਫ਼ਲ, ਸਬਜ਼ੀਆਂ, ਹੈਲਦੀ ਫੂਡ ਆਦਿ ਪੁਸ਼ਾਕਾਂ ਪਹਿਨ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ | ਡਾ: ਨਿੱਜਰ ਨੇ ਬੱਚਿਆਂ ਦੁਆਰਾ ਪੇਸ਼ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਇਸ ਮੌਕੇ ਦੀਵਾਨ ਦੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਆਨਰੇਰੀ ਸੱਕਤਰ ਰਮਣੀਕ ਸਿੰਘ ਫ੍ਰੀਡਮ, ਐਡੀ: ਆਨਰੇਰੀ ਸੱਕਤਰ ਜਸਪਾਲ ਸਿੰਘ ਢਿੱਲੋਂ ਅਤੇ ਹਰਵਿੰਦਰਪਾਲ ਸਿੰਘ ਚੁੱਘ, ਰਬਿੰਦਰਬੀਰ ਸਿੰਘ ਭੱਲਾ, ਮਨਮੋਹਨ ਸਿੰਘ, ਡਾ: ਆਤਮਜੀਤ ਸਿੰਘ ਬਸਰਾ, ਪ੍ਰੋ. ਸੁਖਬੀਰ ਸਿੰਘ, ਆਦਰਸ਼ ਪਿੰਦਰ ਸਿੰਘ ਮਾਨ, ਸਰਜੋਤ ਸਿੰਘ ਸਾਹਨੀ, ਸ੍ਰੀਮਤੀ ਉਰਮਿੰਦਰ ਕੌਰ, ਜਤਿੰਦਰਬੀਰ ਸਿੰਘ, ਮਹਿੰਦਰ ਸਿੰਘ, ਸ੍ਰੀਮਤੀ ਮਨਵਿੰਦਰ ਕੌਰ ਭੁੱਲਰ ਤੋਂ ਇਲਾਵਾ ਅਧਿਆਪਕ ਸਾਹਿਬਾਨ ਅਤੇ ਬੱਚਿਆਂ ਦੇ ਮਾਤਾ-ਪਿਤਾ ਵੀ ਹਾਜਰ ਸਨ | ਸਕੂਲ ਪਿ੍ੰਸੀਪਲ ਕਵਲਪ੍ਰੀਤ ਕੌਰ ਨੇ ਸ਼ਾਮਿਲ ਮਹਿਮਾਨਾ, ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ |