ਅੰਮਿ੍ਤਸਰ, 19 ਦਸੰਬਰ (ਜਸਵੰਤ ਸਿੰਘ ਜੱਸ)-ਪੰਥਕ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਅੱਜ ਮਾਝਾ ਖੇਤਰ ਵਿਚ ਉਸ ਵੇਲੇ ਤਕੜਾ ਹੁਲਾਰਾ ਮਿਲਿਆ ਜਦੋਂ ਅਜਨਾਲਾ ਹਲਕੇ ਦੇ ਵਸਨੀਕ ਤੇ ਪੰਜਾਬੀ ਲੋਕ ਗਾਇਕ ਜਸਕਰਨ ਸਿੰਘ ਰਿਆੜ ਸਾਥੀਆਂ ਸਮੇਤ ਪਾਰਟੀ ਵਿਚ ਰਸਮੀ ਤੌਰ 'ਤੇ ਸ਼ਾਮਿਲ ਹੋ ਗਏ | ਪਾਰਟੀ ਦੇ ਮੁਖੀ ਤੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਚਰਨਦੀਪ ਸਿੰਘ ਭਿੰਡਰ ਨੇ ਅੱਜ ਕਾਹਲੀ 'ਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਸ: ਰਿਆੜ ਨੂੰ ਸਿਰੋਪਾਓ ਭੇਟ ਕਰਕੇ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਸ: ਰਿਆੜ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਬਾਪੂ ਤਰਸੇਮ ਸਿੰਘ ਤੇ ਸ: ਭਿੰਡਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਸੌਂਪੀ ਜਾਵੇਗੀ | ਇਸ ਮੌਕੇ ਸ: ਰਿਆੜ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਮੌਕੇ ਜੋ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਪੰਜਾਬ ਵਿਚ 21 ਬੇਸ ਕੈਂਪ ਸਥਾਪਿਤ ਕੀਤੇ ਸਨ, ਜਦ ਉਨ੍ਹਾਂ ਵਿਚ ਜਾ ਕੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਸੇਵਾਦਾਰਾਂ ਵਲੋਂ ਹੜ੍ਹ ਪੀੜਤਾਂ ਦੀ ਇਮਾਨਦਾਰੀ ਤੇ ਤਨਦੇਹੀ ਨਾਲ ਕੀਤੀ ਗਈ ਸੇਵਾ ਤੋਂ ਮੈਂ ਬਹੁਤ ਹੀ ਪ੍ਰਭਾਵਿਤ ਹੋਇਆ ਤੇ ਅੱਜ ਮੈਨੂੰ ਪਾਰਟੀ ਵਿਚ ਬਕਾਇਦਾ ਸ਼ਾਮਿਲ ਹੋ ਕੇ ਮਾਣ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਪਾਰਟੀ ਵਲੋਂ ਜੋ ਵੀ ਸੇਵਾ ਲਾਈ ਗਈ ਉਸ ਨੂੰ ਜਿੰਮੇਵਾਰੀ ਨਾਲ ਨਿਭਾਵਾਂਗਾ | ਇਸ ਮੌਕੇ ਬਾਪੂ ਤਰਸੇਮ ਸਿੰਘ ਤੇ ਸ: ਭਿੰਡਰ ਤੋਂ ਇਲਾਵਾ ਅਮਰਜੀਤ ਸਿੰਘ ਵਨਚੜੀ, ਸ਼ਮਸ਼ੇਰ ਸਿੰਘ ਪੱਧਰੀ, ਸੁਰਿੰਦਰ ਸਿੰਘ ਤਾਲਬਪੁਰਾ, ਮਨਜਿੰਦਰ ਸਿੰਘ ਕਲੇਰ, ਅਮਨਦੀਪ ਸਿੰਘ ਡੱਡੂਆਣਾ, ਗੁਰਵਿੰਦਰ ਸਿੰਘ ਝੰਡੇਰ, ਗੁਰਲਾਲ ਸਿੰਘ ਸਖੀਰਾ, ਗੁਰਵਿੰਦਰ ਸਿੰਘ ਝੰਡੇਰ, ਜਗਰੂਪ ਸਿੰਘ, ਯਾਦਵਿੰਦਰ ਸਿੰਘ, ਰਜਿੰਦਰ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ, ਰਜਵੰਤ ਸਿੰਘ ਮਹਿਲਾਂ ਵਾਲਾ, ਦਰਸ਼ਨ ਸਿੰਘ ਗੁੱਜਰਪੁਰਾ, ਮਨਜੋਤ ਸਿੰਘ ਪੁਰੇਵਾਲ, ਤੇਜਬੀਰ ਸਿੰਘ ਸ਼ਾਹਪੁਰ, ਦਿਲਰਾਜ ਸਿੰਘ ਪੰਡੋਰੀ, ਕਿਰਤਪਾਲ ਸਿੰਘ ਢਿੱਲੋਂ, ਗੁਰਜੀਤ ਸਿੰਘ, ਮਲਕੀਤ ਸਿੰਘ, ਸਿਮਰਨਜੀਤ ਸਿੰਘ ਆਦਿ ਪਾਰਟੀ ਵਰਕਰ ਵੀ ਹਾਜ਼ਰ ਸਨ |