ਅੰਮਿ੍ਤਸਰ, 19 ਦਸੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਟਰੈਫਿਕ ਜਾਮ ਲੱਗਣ ਤੋਂ ਰੋਕਣ ਲਈ ਟਰੈਫਿਕ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਹੈ ਜਿਸ ਤਹਿਤ ਨਾਜਾਇਜ਼ ਕਬਜ਼ੇ ਹਟਾ ਕੇ ਟਰੈਫਿਕ ਨੂੰ ਸੁਚਾਰੂ ਕੀਤਾ ਜਾ ਰਿਹਾ ਹੈ | ਜਿਸ ਨਾਲ ਸ਼ਹਿਰ 'ਚ ਜਿਥੇ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਹੋਵੇਗੀ ਉਥੇ ਗਲਤ ਤਰੀਕੇ ਨਾਲ ਵਾਹਨ ਖੜ੍ਹੇ ਕਰਨ ਵਾਲੇ ਵਾਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਅੱਜ ਸੜਕਾਂ 'ਤੇ ਟਰੈ ਫਿਕ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਦੀ ਅਗਵਾਈ ਕਰ ਰਹੀ ਏ.ਡੀ.ਸੀ.ਪੀ. ਸ੍ਰੀਮਤੀ ਅਮਨਦੀਪ ਕੌਰ ਨੇ ਕੀਤਾ | ਉਨ੍ਹਾਂ ਦਸਿਆ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਉਹ ਆਪਣੀ ਸਮੁਚੀ ਟੀਮ ਸਮੇਤ ਟ੍ਰੈਫਿਕ ਜ਼ੋਨ ਇੰਚਾਰਜਾਂ ਨਾਲ ਸ਼ਹਿਰ ਵਿਚ ਲੱਗ ਰਹੇ ਟਰੈਫਿਕ ਜਾਮ ਨੂੰ ਹੱਲ ਕਰਨ ਲਈ ਮਜੀਠਾ ਰੋਡ ਅਤੇ ਕੁਈਨਜ਼ ਰੋਡ 'ਤੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵਲੋਂ ਸੜਕਾਂ/ਫੁੱਟਪਾਥਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਟਰੈਫਿਕ ਨੂੰ ਰੇਗੂਲੈਟ ਕੀਤਾ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਜ਼ੋਨਾਂ ਵਿਚ ਨਾਕੇ ਲਗਾ ਕੇ ਕਾਫੀ ਫਿਲਮ, ਜਾਲੀਆਂ, ਪੈਟਰਨ ਮੁਤਾਬਿਕ ਨੰਬਰ ਪਲੇਟਾਂ ਨਾ ਲਗਾਉਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ | ਇਸ ਮੁਹਿੰਮ ਨੂੰ ਭਵਿੱਖ ਵਿਚ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਸ਼ਹਿਰ ਵਿਚ ਟਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ |