ਅੰਮਿ੍ਤਸਰ, 19 ਦਸੰਬਰ (ਜਸਵੰਤ ਸਿੰਘ ਜੱਸ)-ਕੇਸ ਸੰਭਾਲ ਪ੍ਰਚਾਰ ਸੰਸਥਾ ਵਲੋਂ ਅਧਿਆਤਮਿਕ ਅਤੇ ਆਮ ਯੋਗਤਾ 'ਤੇ ਆਧਾਰਿਤ ਹਰ ਸਾਲ ਸਿੱਖ ਬੱਚਿਆਂ ਤੇ ਨੌਜਵਾਨਾਂ ਦੇ ਕਰਵਾਏ ਜਾਂਦੇ ਮੁਕਾਬਲਿਆਂ ਤਹਿਤ ਇਸ ਵਾਰ 25ਵੇਂ 'ਸਾਗਾ' ਮੁਕਾਬਲੇ 20 ਦਸੰਬਰ ਨੂੰ ਸੰਸਥਾ ਦੇ ਚੇਅਰਮੈਨ ਤੇ ਸਾਬਕਾ ਚੀਫ਼ ਕਮਿਸ਼ਨਰ ਆਫ ਇਨਕਮ ਟੈਕਸ ਸ: ਸੁਰਿੰਦਰਜੀਤ ਸਿੰਘ ਪਾਲ ਦੀ ਅਗਵਾਈ ਵਿਚ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਡੀ ਬਲਾਕ ਰਣਜੀਤ ਐਵੀਨਿਊ ਵਿਖੇ ਕਰਵਾਏ ਜਾ ਰਹੇ ਹਨ | ਉਕਤ ਜਾਣਕਾਰੀ ਦਿੰਦਿਆਂ ਮੁਕਾਬਲਿਆਂ ਦੇ ਇੰਚਾਰਜ ਰਜਿੰਦਰ ਸਿੰਘ ਮਰਵਾਹ ਨੇ ਦੱਸਿਆ ਕਿ ਇਸ ਮੌਕੇ ਬਾਲੀਵੁੱਡ ਦੇ ਨਿਰਮਾਤਾ ਤੇ ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਮੁੱਖ ਮਹਿਮਾਨ ਵਲੋਂ ਸ਼ਾਮਿਲ ਹੋਣਗੇ ਤੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਿੱਖਿਆਦਾਇਕ ਫ਼ਿਲਮ 'ਸਿ੍ਸ਼ਟੀ ਦੀ ਚਾਦਰ ਗੁਰੂ ਤੇਗ ਬਹਾਦਰ' ਰਿਲੀਜ਼ ਕਰਨਗੇ ਤੇ ਜਸਕਰਨ ਸਿੰਘ ਸੋਹਲ ਤੇ ਲਖਬੀਰ ਸਿੰਘ ਕੋਮਲ ਦਾ ਨਵਾਂ ਗੀਤ 'ਸਿੰਘਾਂ ਦੀ ਸ਼ਾਨ ਨਿਰਾਲੀ' ਵੀ ਕੌਮ ਨੂੰ ਅਰਪਿਤ ਕਰਨਗੇ | ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੌਰਾਨ 'ਹੀ ਖਾਲਸਾ' ਤੇ 'ਸ਼ੀ ਖ਼ਾਲਸਾ' ਦੀ ਚੋਣ ਵੀ ਕੀਤੀ ਜਾਵੇਗੀ ਤੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ | ਇਸੇ ਦੌਰਾਨ ਸ: ਪਾਲ ਨੇ ਦੱਸਿਆ ਕਿ ਸਾਗਾ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 50 ਨੌਜਵਾਨ ਸਿੱਖ ਲੜਕੇ ਤੇ ਲੜਕੀਆਂ ਹਿੱਸਾ ਲੈ ਰਹੇ ਹਨ ਅਤੇ ਡਾ. ਇੰਦਰਬੀਰ ਸਿੰਘ ਨਿੱਜਰ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਵੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਸ਼ਿਰਕਤ ਕਰਨਗੇ |