ਅੰਮਿ੍ਤਸਰ, 20 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਿਕਸਰ ਕਿੰਗ ਅਤੇ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਵਿਦਿਆਰਥੀ ਸਲਿਲ ਅਰੋੜਾ, ਜਿਸ ਨੇ ਸਈਅਦ ਮੁਸ਼ਤਾਕ ਟਰਾਫੀ 'ਚ 28 ਛੱਕੇ ਲਗਾ ਕੇ ਕਿ੍ਕਟ ਦੇ ਮੈਦਾਨ 'ਚ ਰਿਕਾਰਡ ਕਾਇਮ ਕੀਤਾ ਸੀ, ਨੂੰ ਆਈ. ਪੀ. ਐੱਲ. ਟੀਮ 'ਚ ਚੁਣਿਆ ਗਿਆ ਹੈ | ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 1.5 ਕਰੋੜ 'ਚ ਖਰੀਦਿਆ ਹੈ | ਸਲਿਲ ਆਪਣੀ ਪ੍ਰਾਪਤੀ ਸਾਂਝੀ ਕਰਨ ਲਈ ਆਪਣੇ ਕਾਲਜ ਡੀ. ਏ. ਵੀ. ਕਾਲਜ ਅੰਮਿ੍ਤਸਰ ਪੁੱਜਿਆ, ਜਿਸ ਦਾ ਪਿ੍ੰਸੀਪਲ ਡਾ. ਅਮਰਦੀਪ ਗੁਪਤਾ, ਕਿ੍ਕਟ ਕੋਚ ਰਾਜਨ ਗਿੱਲ ਅਤੇ ਟੀਚਰਜ਼ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਸਲਿਲ ਨੂੰ ਉਸਦੀ ਇਤਿਹਾਸਕ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਲਿਲ ਦੀ ਆਈ. ਪੀ. ਐਲ. 'ਚ ਚੋਣ ਪੂਰੇ ਡੀ. ਏ. ਵੀ. ਕਾਲਜ ਪਰਿਵਾਰ ਲਈ ਇਕ ਮਾਣ ਵਾਲਾ ਪਲ ਹੈ | ਕਾਲਜ ਸਟਾਫ ਉਸਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹੈ | ਇਸ ਮੌਕੇ 'ਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਸਲਿਲ ਨੇ ਕਿਹਾ ਕਿ ਡੀ. ਏ. ਵੀ. ਕਾਲਜ ਮੇਰਾ ਦੂਜਾ ਘਰ ਹੈ | ਉਸ ਨੇ ਕਾਲਜ ਦੇ ਮੈਦਾਨ 'ਚ ਅਣਗਿਣਤ ਘੰਟੇ ਅਭਿਆਸ ਕੀਤਾ ਹੈ ਅਤੇ ਅਧਿਆਪਕਾਂ ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ ਹੈ | ਸਲਿਲ ਨੇ ਇਸ ਚੋਣ ਲਈ ਆਪਣੇ ਕੋਚ, ਪਿ੍ੰਸੀਪਲ ਅਤੇ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਬੀ. ਬੀ. ਯਾਦਵ ਅਤੇ ਕੋਚ ਰਾਜਨ ਗਿੱਲ ਨੇ ਕਿਹਾ ਕਿ ਸਲਿਲ ਨੇ ਹਮੇਸ਼ਾ ਅਭਿਆਸ 'ਚ ਅਨੁਸ਼ਾਸਨ ਅਤੇ ਮੈਦਾਨ 'ਤੇ ਆਪਣਾ ਜਲਵਾ ਕਾਇਮ ਰੱਖਿਆ ਹੈ | ਇਸ ਮੌਕੇ ਸਟਾਫ ਸਕੱਤਰ ਡਾ. ਨੀਰਜ ਗੁਪਤਾ ਅਤੇ ਪ੍ਰੋ. ਸੰਦੀਪ ਕੁਮਾਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |