ਅੰਮਿ੍ਤਸਰ, 20 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸਥਾਨਕ ਲਾਰੰਸ ਰੋਡ 'ਤੇ ਸਥਿਤ ਕੇ. ਟੀ. ਕਲਾ ਮਿਊਜ਼ੀਅਮ ਕੇਂਦਰ ਵਿਖੇ ਪੰਜਾਬ ਦੇ ਪ੍ਰਸਿੱਧ ਚਿੱਤਰਕਾਰ ਕੁਲਵੰਤ ਸਿੰਘ ਗਿੱਲ ਵਲੋਂ ਪਿਛਲੇ 50 ਵਰਿ੍ਹਆਂ ਦੌਰਾਨ ਤਿਆਰ ਕੀਤੇ ਪੋਰਟਰੇਟ ਤੇ ਹੋਰ ਚਿੱਤਰਾਂ ਦੀ ਲਗਾਈ ਗਈ ਸੋਲੋ ਕਲਾ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਅੱਜ ਆਰਟ ਗੈਲਰੀ ਦੇ ਸਰਪ੍ਰਸਤ ਤੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਕੁਲਪਤੀ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ ਗਿਆ | 20 ਤੋਂ 26 ਦਸੰਬਰ ਤੱਕ ਹੱਕ ਹਫ਼ਤਾ ਚੱਲਣ ਵਾਲੀ ਇਸ ਕਲਾ ਪ੍ਰਦਰਸ਼ਨੀ ਵਿਚ ਕੁਲਵੰਤ ਸਿੰਘ ਗਿੱਲ ਵਲੋਂ ਗੁਰੂ ਨਾਨਕ ਦੇਵ ਜੀ, ਭਗਤ ਪੂਰਨ ਸਿੰਘ, ਸ਼ਹੀਦ ਊਧਮ ਸਿੰਘ, ਚੀਫ ਖਾਲਸਾ ਦੀਵਾਨ ਦੀਆਂ ਮੋਢੀ ਸ਼ਖਸੀਅਤਾਂ ਅਤੇ ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਦੇ 75 ਪੋਰਟਰੇਟ ਚਿੱਤਰਾਂ ਸਮੇਤ ਹੋਰ ਚਰਚਿਤ ਚਿੱਤਰ ਪ੍ਰਦਰਸ਼ਿਤ ਕੀਤੇ ਗਏ ਹਨ | ਇਸ ਮੌਕੇ ਸ. ਛੀਨਾ ਨੇ ਆਰਟਿਸਟ ਕੁਲਵੰਤ ਸਿੰਘ ਗਿੱਲ ਦੀਆਂ ਕਲਾ ਕ੍ਰਿਤਾਂ ਦੀ ਮੁਕਤ ਕੰਠ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੇ. ਟੀ. ਕਲਾ ਮਿਊਜ਼ੀਅਮ ਪ੍ਰਦਰਸ਼ਨੀ ਸੰਪੰਨ ਹੋਣ ਉਪਰੰਤ ਇਹ ਪ੍ਰਦਰਸ਼ਨੀ ਆਰਟ ਗੈਲਰੀ ਵਿਖੇ ਵੀ ਲਗਾਈ ਜਾਵੇਗੀ | ਇਸ ਮੌਕੇ ਕੇ.ਟੀ. ਕਲਾ ਦੇ ਡਾਇਰੈਕਟਰ ਬਿ੍ਜੇਸ਼ ਜੌਲੀ, ਸਕੱਤਰ ਰਾਜੇਸ਼ ਰੈਣਾ ਅਤੇ ਹੋਰਨਾਂ ਸ਼ਖਸੀਅਤਾਂ ਨੇ ਵੀ ਕੁਲਵੰਤ ਸਿੰਘ ਗਿੱਲ ਦੀ ਚਿੱਤਰ ਕਲਾ ਪ੍ਰਬੀਨਤਾ ਦੀ ਸ਼ਲਾਘਾ ਕੀਤੀ | ਚਿੱਤਰਕਾਰ ਸੁਖਪਾਲ ਸਿੰਘ ਆਰਟਿਸਟ ਨੇ ਕਿਹਾ ਕਿ ਕੁਲਵੰਤ ਸਿੰਘ ਗਿੱਲ ਵਲੋਂ ਅਹਿਮ ਸ਼ਖਸੀਅਤਾਂ ਦੇ ਬਣਾਏ ਪੋਰਟਰੇਟ ਇੰਝ ਲੱਗਦਾ ਹੈ ਜਿਵੇਂ ਹੁਣੇ ਬੋਲ ਪੈਣਗੇ | ਚਿੱਤਰਕਾਰ ਗਿੱਲ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਕੇ. ਟੀ. ਕਲਾ ਮਿਉਜ਼ੀਅਮ ਵਿਖੇ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਦੇਖੀ ਜਾ ਸਕੇਗੀ | ਇਸ ਮੌਕੇ ਡਾ. ਅਰਵਿੰਦਰ ਸਿੰਘ ਚਮਕ, ਸੁਖਪਾਲ ਸਿੰਘ ਆਰਟਿਸਟ ਸ਼ਿਵਦੇਵ ਸਿੰਘ ਆਰਟਿਸਟ, ਮਾਲਾ ਚਾਵਲਾ, ਭੁਪਿੰਦਰ ਸਿੰਘ ਸੰਧੂ, ਅਤੁਲ ਮਹਿਰਾ, ਨਿਸ਼ਾ ਘਈ, ਨਰਿੰਦਰ ਸਿੰਘ, ਵੰਸ਼ਿਕਾ ਅਮਨ ਗਿੱਲ, ਦਾਨਿਸ਼, ਧਰਮਿੰਦਰ ਸ਼ਰਮਾ, ਦੀਪਕ ਸ਼ਰਮਾ, ਇੰਦਰਪ੍ਰੀਤ ਕੌਰ, ਭਾਰਤੀ ਮਲਹੋਤਰਾ, ਕਵੀ ਚੌਹਾਨ, ਗੁਰਸ਼ਰਨ ਕੌਰ, ਕਵਲਜੀਤ ਕੌਰ, ਮਰਕਸਪਾਲ ਗੁਮਟਾਲਾ ਆਦਿ ਕਲਾਕਾਰ, ਕਲਾਪ੍ਰੇਮੀ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ |