ਅੰਮਿ੍ਤਸਰ, 21 ਦਸੰਬਰ (ਗਗਨਦੀਪ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਡੀਨ ਸਟੂਡੈਂਟ ਵੈਲਫੇਅਰ ਨਾਲ ਮਿਲ ਕੇ ਰੂਸਾ 2.0 ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਰਚਨਾਤਮਕ ਤੇ ਤਕਨੀਕੀ ਹੁਨਰ ਵਧਾਉਣ ਲਈ ਫੋਟੋਗ੍ਰਾਫੀ ਵਰਕਸ਼ਾਪ ਕਰਵਾਈ ਗਈ | ਵਿਭਾਗ ਦੇ ਮੁਖੀ ਡਾ. ਵਸੂਧਾ ਸੰਬਿਆਲ ਨੇ ਉਦਘਾਟਨੀ ਸੈਸ਼ਨ ਮੌਕੇ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ | ਮੁੱਖ ਰਿਸੋਰਸ ਪਰਸਨ ਵਜੋਂ ਪੁੱਜੇ ਦਿੱਲੀ ਦੇ ਵਿਨੀ ਸਟੂਡੀਓ ਦੇ ਸੰਸਥਾਪਕ ਤੇ ਫੋਟੋਗ੍ਰਾਫੀ ਮੈਂਟਰ ਵਿਰੇਂਦਰ ਸਿੰਘ ਅਧਿਕਾਰੀ ਨੇ ਵਿਦਿਆਰਥੀਆਂ ਨੂੰ ਰੌਸ਼ਨੀ ਦੀ ਮਹੱਤਤਾ, ਫੋਕਸ, ਲੈਂਜ਼ ਤੇ ਕੰਪੋਜ਼ੀਸ਼ਨ ਆਦਿ ਫੋਟੋਗ੍ਰਾਫੀ ਦੇ ਬੁਨਿਆਦੀ ਨਿਯਮ ਸਮਝਾਏ | ਖਾਸ ਤੌਰ ਤੇ ਮੋਬਾਈਲ ਫੋਟੋਗ੍ਰਾਫੀ 'ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਹਰ ਵਿਦਿਆਰਥੀ ਆਸਾਨੀ ਨਾਲ ਸਿੱਖ ਸਕੇ | ਉਨ੍ਹਾਂ ਕੁਦਰਤੀ ਉਦਾਹਰਣਾਂ ਨਾਲ ਗੱਲਾਂ ਸਮਝਾਈਆਂ, ਜਿਵੇਂ ਬਰਫ਼ੀਲੇ ਤੈਂਦੂਏ ਦੀ ਛਦਮ ਵਰਗੀਆਂ ਚੀਜ਼ਾਂ ਰਾਹੀਂ ਵਿਜ਼ੂਅਲ ਨਿਗਾਹ ਤੇ ਕਹਾਣੀ ਸੁਣਾਉਣ ਦੀ ਕਲਾ ਸਿਖਾਈ | ਪੇਸ਼ੇਵਰ ਕੈਮਰੇ ਦੇ ਕੰਮਕਾਜ, ਸੈਟਿੰਗਾਂ, ਲਾਂਗ ਐਕਸਪੋਜ਼ਰ, ਮੈਕਰੋ ਫੋਟੋਗ੍ਰਾਫੀ, ਬੇਸਿਕ ਐਡਿਟਿੰਗ ਤੇ ਰੂਲ ਆਫ਼ ਥਰਡਜ਼ ਬਾਰੇ ਵੀ ਵਿਸਤਾਰ ਨਾਲ ਦੱਸਿਆ | ਇਸ ਤੋਂ ਇਲਾਵਾ ਫੋਟੋਜਰਨਲਿਜ਼ਮ, ਵਾਈਲਡਲਾਈਫ ਫੋਟੋਗ੍ਰਾਫੀ, ਕਮਰਸ਼ੀਅਲ ਫੋਟੋਗ੍ਰਾਫੀ, ਸਟੂਡੀਓ ਵਰਕ ਤੇ ਡਿਜੀਟਲ ਕੰਟੈਂਟ ਬਣਾਉਣ ਆਦਿ ਫੋਟੋਗ੍ਰਾਫੀ ਵਿਚ ਕਰੀਅਰ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ | ਮੁੱਖ ਮਹਿਮਾਨ ਐਸੋਸੀਏਟ ਡੀਨ ਸਟੂਡੈਂਟ ਵੈਲਫੇਅਰ ਡਾ. ਕਮਲੇਸ਼ ਗੁਲੇਰੀਆ ਨੇ ਵਿਦਿਆਰਥੀਆਂ ਨੂੰ ਰਚਨਾਤਮਕ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਵਰਕਸ਼ਾਪ ਦੇ ਅੰਤ ਵਿਚ ਵਿਦਿਆਰਥੀਆਂ ਨੇ ਫੋਟੋਗ੍ਰਾਫੀ ਮੁਕਾਬਲੇ ਵਿਚ ਭਾਗ ਲੈ ਕੇ ਆਪਣੀ ਸਿੱਖੀ ਹੋਈ ਕਲਾ ਦਿਖਾਈ |