ਅੰਮਿ੍ਤਸਰ, 25 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਤੌਰ 'ਤੇ ਮਨਾਏ ਜਾਂਦੇ ਕ੍ਰਿਸਮਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਗਿਰਜਾਘਰਾਂ 'ਚ ਪ੍ਰਾਥਨਾ ਸਭਾਵਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕਰਦੇ ਹੋਏ ਆਪਣੀ ਆਸਥਾ ਤੇ ਸ਼ਰਧਾ ਪ੍ਰਗਟਾਈ | ਸਥਾਨਕ ਰਾਮਬਾਗ ਸਥਿਤ ਕ੍ਰਾਈਸਟ ਚਰਚ ਕੈਥੇਡਰਲ, ਕੋਰਟ ਰੋਡ ਸਥਿਤ ਸੈਂਟ ਪੌਲ ਗਿਰਜਾਘਰ, ਟੇਲਰ ਰੋਡ ਸਥਿਤ ਐਂਗਲੀਕਨ ਗਿਰਜਾਘਰ ਸਮੇਤ ਸ਼ਹਿਰ ਦੇ ਹੋਰ ਗਿਰਜਾਘਰਾਂ 'ਚ ਪੂਰਾ ਦਿਨ ਰੌਣਕਾਂ ਲੱਗੀਆਂ ਰਹੀਆਂ | ਆਸਥਾ, ਸੰਸਕ੍ਰਿਤੀ ਅਤੇ ਵਿਚਾਰਾਂ ਦੀ ਏਕਤਾ ਦਾ ਪ੍ਰਤੀਕ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ | ਇਸ ਮੌਕੇ ਚਰਚ ਆਫ਼ ਨਾਰਥ ਇੰਡੀਆ ਦੇ ਅੰਮਿ੍ਤਸਰ ਡਾਇਓਸਿਸ ਦੇ ਬਿਸ਼ਪ ਦ ਰਾਈਟ ਰੈਵਰੈਂਡ ਮਨੋਜ ਚਰਨ ਨੇ ਕਿ੍ਸਮਸ ਦੇ ਅਸਲ ਅਰਥ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿ੍ਸਮਸ ਸਾਡੇ ਲਈ ਸ਼ਾਂਤੀ, ਉਮੀਦ, ਪਿਆਰ ਅਤੇ ਆਨੰਦ ਦਾ ਸੰਦੇਸ਼ ਲਿਆਉਂਦਾ ਹੈ | ਇਹ ਸਾਨੂੰ ਸਾਰੇ ਲੋਕਾਂ ਦੇ ਵਿਸ਼ਵਵਿਆਪੀ ਭਾਈਚਾਰੇ ਦੀ ਯਾਦ ਦਿਵਾਉਂਦਾ ਹੈ, ਅਤੇ ਸਾਨੂੰ ਪਿਆਰ, ਦਿਆਲਤਾ ਅਤੇ ਹਮਦਰਦੀ ਫੈਲਾਉਣ ਦੀ ਸਾਡੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ | ਆਓ ਅਸੀਂ ਦੁਨੀਆ ਨੂੰ ਇਕ ਬਿਹਤਰ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੀਏ, ਜੋ ਸਦਭਾਵਨਾ ਅਤੇ ਸਮਝ ਨਾਲ ਭਰੀ ਹੋਵੇ | ਬਿਸ਼ਪ ਮਨੋਜ ਚਰਨ ਨੇ ਖੇਤਰ 'ਚ ਸ਼ਾਂਤੀ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਪਹਿਲਕਦਮੀਆਂ ਰਾਹੀਂ ਪ੍ਰਭੂ ਯਿਸੂ ਮਸੀਹ ਦੇ ਪਿਆਰ ਨੂੰ ਸਾਂਝਾ ਕਰਨ ਲਈ ਡਾਇਓਸਿਸ ਦੀ ਵਚਨਬੱਧਤਾ ਨੂੰ ਦੁਹਰਾਇਆ |