ਅੰਮਿ੍ਤਸਰ, 29 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮਿ੍ਤਸਰ ਵਲੋਂ ਖੇਤਰੀ ਭਵਿੱਖ ਨਿਧੀ ਫੰਡ ਕਮਿਸ਼ਨਰ ਲੋਕੇਂਦਰ ਸਿੰਘ ਦੀ ਅਗਵਾਈ ਹੇਠ ਮੈਸਰਜ਼ ਐਸ. ਐਸ. ਬੀ. ਇੰਟਰਪ੍ਰਾਈਜਜ਼ ਐਸ. ਐੱਫ-6 ਨਹਿਰੂ ਸ਼ਾਪਿੰਗ ਕੰਪਲੈਕਸ ਲਾਰੰਸ ਰੋਡ ਅੰਮਿ੍ਤਸਰ, ਮੈਸਰਜ਼ ਸੱਪਲਟੇਕ ਇੰਡਸਟਰੀਜ਼ ਪ੍ਰਾ. ਲਿਮ. ਪਿੰਡ ਚੱਬਾ ਤਰਨ ਤਾਰਨ ਰੋਡ ਜ਼ਿਲ੍ਹਾ ਤਰਨ ਤਾਰਨ, ਮੈਸਰਜ਼ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਮੈਸਰਜ਼ ਰਾਜ ਹਸਪਤਾਲ ਸਿੰਬਲ ਚੌਂਕ ਪਠਾਨਕੋਟ ਵਿਖੇ ਨਿਧੀ ਆਪਣੇ ਨਿਕਟ 2.0 ਪ੍ਰੋਗਰਾਮ ਕਰਵਾਏ ਗਏ | ਇਨ੍ਹਾਂ ਪ੍ਰੋਗਰਾਮਾਂ 'ਚ ਨੋਡਲ ਅਫ਼ਸਰ ਨੇ ਮਾਲਕਾਂ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਉਨ੍ਹਾਂ ਨਾਲ ਪੀ. ਐੱਫ. ਸੰਗਠਨ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ | ਇਸ ਦੌਰਾਨ ਨੋਡਲ ਅਫ਼ਸਰਾਂ ਨੇ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ | ਇਸ ਮੌਕੇ ਖੇਤਰੀ ਭਵਿੱਖ ਨਿਧੀ ਫੰਡ ਕਮਿਸ਼ਨਰ ਲੋਕੇਂਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਸੰਸਥਾਵਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਸੰਬੰਧੀ ਵੀ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਇਹ ਯੋਜਨਾ ਨਿਰਮਾਣ ਖੇਤਰਾਂ ਲਈ 4 ਸਾਲਾਂ ਲਈ ਅਤੇ ਹੋਰ ਮਾਲਕਾਂ ਲਈ 2 ਸਾਲਾਂ ਲਈ ਲਾਗੂ ਹੋਵੇਗੀ | ਇਸ ਯੋਜਨਾ ਦੀ ਰਜਿਸਟਰੇਸ਼ਨ 1 ਅਗਸਤ 2025 ਤੋਂ ਸ਼ੁਰੂ ਹੋ ਕੇ 31 ਜੁਲਾਈ, 2027 ਤੱਕ ਜਾਰੀ ਰਹੇਗੀ | ਇਹ ਯੋਜਨਾ 1 ਲੱਖ ਰੁਪਏ ਤੱਕ ਤਨਖਾਹ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ 'ਤੇ ਲਾਗੂ ਹੋਵੇਗੀ, ਪਰ ਲਾਭਪਾਤਰੀਆਂ ਨੂੰ ਇੱਕ ਮਹੀਨੇ ਦੀ ਤਨਖਾਹ (15 ਹਜ਼ਾਰ ਰੁਪਏ ਤੱਕ) ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਤਹਿਤ ਨਵ-ਨਿਯੁਕਤ ਕਰਮਚਾਰੀਆਂ ਦੇ ਮਾਲਕਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ | ਉਨ੍ਹਾਂ ਮਾਲਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਲਗਭਗ 1 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਨਾਲ ਸਾਢੇ ਤਿੰਨ ਕਰੋੜ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ | ਮੈਂਬਰਾਂ ਨੂੰ ਸਾਈਬਰ ਕੈਫੇ ਵੀ ਜਾਣ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਕੇਵਲ ਈ. ਪੀ. ਐੱਫ. ਓ. ਦੀ ਅਧਿਕਾਰਤ ਵੈਬਸਾਈਟ ਜਾਂ ਉਮੰਗ ਐਪ ਦੀ ਵਰਤੋਂ ਕਰਨ ਅਤੇ ਕਿਸੇ ਅਣਜਾਣ ਵਿਅਕਤੀ ਨੂੰ ਆਪਣੀ ਜਾਣਕਾਰੀ ਸਾਂਝਾ ਨਾ ਕਰਨ | ਉਨ੍ਹਾਂ ਦੱਸਿਆ ਕਿ ਈ. ਪੀ. ਐੱਫ. ਓ. ਨੇ ਆਪਣੇ ਮੈਂਬਰਾਂ ਲਈ ਪੀ. ਐੱਫ. ਖਾਤਾ ਟਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ |