ਸੁਲਤਾਨਵਿੰਡ, 1 ਜੂਨ (ਗੁਰਨਾਮ ਸਿੰਘ ਬੁੱਟਰ)-ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ-39 ਦੇ ਇਲਾਕੇ ਟੈਪਿਲ ਕਾਲੋਨੀ ਨਿਊ ਅਕਾਸ਼ ਵਿਹਾਰ ਵਾਸੀਆਂ ਪਿਛਲੇ ਕੁਝ ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਆਉਣ ਕਰਕੇ ਪ੍ਰਸ਼ਾਸਨ ਖਿਲਾਫ਼ ਗੁੱਸਾ ਕੱਢਿਆ | ਇਸ ਮੌਕੇ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ, ਤਰਲੋਚਨ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਅਮਨਦੀਪ ਸਿੰਘ ਬੰਟੀ, ਬੀਬੀ ਨਰਿੰਦਰ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਬਲਬੀਰ ਕੌਰ, ਪਲਵਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ ਆਦਿ ਵਾਸੀਆਂ ਦੱਸਿਆ ਕਿ ਸਾਡੇ ਇਲਾਕੇ ਵਿਚ ਲੱਗੇ ਪੀਣ ਵਾਲੇ ਟਿਊਬਵੈੱਲ ਦੀ ਮੋਟਰ ਜੋ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਹੋਣ ਕਾਰਨ ਜਿੱਥੇ ਇਲਾਕਾ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਥੇ ਹੀ ਪਾਣੀ ਲੈਣ ਲਈ ਘਰਾਂ ਤੋਂ ਦੂਰ ਜਾਣਾ ਪੈ ਰਿਹਾ ਹੈ ਜਿਸ ਕਰਕੇ ਇਲਾਕੇ ਵਿਚ ਹਾਹਾਕਾਰ ਮੱਚੀ ਹੋਈ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਪਾਣੀ ਨਾ ਆਉਣ ਕਰਕੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ ਉਨ੍ਹਾਂ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਪੀਣ ਵਾਲੇ ਪਾਣੀ ਦੀ ਇਲਾਕਾ ਵਾਸੀਆਂ ਨੂੰ ਆ ਰਹੀ ਮੁਸ਼ਕਿਲ ਵੱਲ ਛੇਤੀ ਧਿਆਨ ਨਾ ਦਿੱਤਾ ਤਾਂ ਸਮੂਹ ਇਲਾਕਾ ਵਾਸੀ ਪ੍ਰਸ਼ਾਸਨ ਖਿਲਾਫ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਜਦੋਂ ਇਸ ਸੰਬੰਧੀ ਸੁਪਰਵਾਈਜ਼ਰ ਦਲਜੀਤ ਸਿੰਘ ਨੂੰ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਮੋਟਰ ਖਰਾਬ ਹੋਣ ਕਰਕੇ ਇਹ ਮੁਸ਼ਕਿਲ ਪੈਦਾ ਹੋਈ ਹੈ | ਉਨ੍ਹਾਂ ਦੱਸਿਆ ਕਿ ਕੱਲ੍ਹ ਤੱਕ ਨਵੀਂ ਮੋਟਰ ਲਗਾ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ |