ਅਮਰਕੋਟ, 1 ਜੂਨ (ਭੱਟੀ)-ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਿੰਦ ਹਕੂਮਤ ਵਲੋਂ ਸਿੱਖ ਕੌਮ ਨਾਲ ਹਮੇਸ਼ਾ ਹੀ ਦੂਜੇ ਦਰਜੇ ਦੇ ਸ਼ਹਿਰੀਆਂ ਵਾਂਗ ਸਲੂਕ ਕੀਤਾ ਜਾਂਦਾ ਰਿਹਾ ਹੈ | ਇਸੇ ਸੰਦਰਭ ਵਿਚ ਹੀ ਜੂਨ 1984 ਵਿਚ ਸਿੱਖਾਂ ਦੇ ਪਵਿੱਤਰ ਅਤੇ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਅਤੇ ਸਿੱਖ ਪ੍ਰਭੂਸੱਤਾ ਸੰਪੰਨ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਢਹਿ-ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਅਤੇ ਬਾਬਾ ਠਾਹਰਾ ਸਿੰਘ ਦੀ ਅਗਵਾਈ ਵਿਚ ਅਨੇਕਾਂ ਮਰਜੀਵੜਿਆਂ ਨੇ ਛਾਤੀਆਂ ਡਾਹ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ | ਜਥੇਦਾਰ ਮਨਾਵਾਂ ਨੇ ਕਿਹਾ ਕਿ ਅੱਜ ਇਨ੍ਹਾਂ ਮਹਾਨ ਯੋਧਿਆਂ ਅਤੇ ਘੱਲੂਘਾਰੇ ਦੀ ਯਾਦ ਸਮੁੱਚੀ ਕੌਮ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਮਨਾਉਂਦੀ ਆ ਰਹੀ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੌਮ ਦੀ ਸਹਿਮਤੀ ਤੋਂ ਬਗੈਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਥੋਪੇ ਜਥੇਦਾਰਾਂ ਦੇ ਗੈਰ ਸਿਧਾਂਤਕ ਫ਼ੈਸਲਿਆਂ ਨਾਲ ਸਿੱਖ ਕੌਮ ਵਿਚ ਡੂੰਘੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ | ਸ਼੍ਰੋਮਣੀ ਕਮੇਟੀ ਵਲੋਂ ਬਾਦਲ ਪਰਿਵਾਰ ਦੇ ਜੀ ਹਜ਼ੂਰੀਏ ਨੂੰ ਰਾਤ ਦੇ ਹਨੇਰੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਥੋਪਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪੰਥ ਦੇ ਕਿਸੇ ਵੀ ਹਿੱਸੇ ਵਲੋਂ ਮਾਨਤਾ ਨਹੀਂ ਦਿੱਤੀ ਗਈ | ਹੁਣ ਜਦ ਕੌਮ ਘੱਲੂਘਾਰੇ ਦੀ ਯਾਦ ਮਨਾ ਰਹੀ ਹੈ ਤਾਂ ਐਨ ਉਸ ਵੇਲੇ ਦਮਦਮੀ ਟਕਸਾਲ, ਦਲ ਖ਼ਾਲਸਾ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਗੈਰ ਸਿਧਾਂਤਕ ਤਰੀਕੇ ਨਾਲ ਥੋਪੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਿਸੇ ਵੀ ਹਾਲਤ ਵਿਚ ਸੰਦੇਸ਼ ਪੜ੍ਹਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਰੋਪੇ ਦੇਣ ਤੋਂ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਹੈ | ਮੇਰੀ ਸਮੁੱਚੀਆਂ ਸਿੱਖ ਜਥੇਬੰਦੀਆਂ ਸੰਤ ਸਮਾਜ ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਬੇਨਤੀ ਹੈ ਕਿ ਲੱਖਾਂ ਸਿੱਖ ਸੰਗਤਾਂ ਵਲੋਂ ਸਰਬੱਤ ਖਾਲਸਾ ਰਾਹੀਂ ਨਿਯੁਕਤ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਭਾਈ ਧਿਆਨ ਸਿੰਘ ਮੰਡ ਨੂੰ ਕੌਮ ਦੇ ਨਾਂਅ ਸੰਦੇਸ਼ ਪੜ੍ਹਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਸਹਿਯੋਗ ਦੇਈਏ ਅਤੇ ਪੰਥਕ ਏਕਤਾ ਵੱਲ ਕਦਮ ਵਧਾਈਏ |