ਤਰਨ ਤਾਰਨ, 2 ਜੂਨ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਅਧੀਨ ਜ਼ੋਨ ਬਾਬਾ ਦੀਪ ਸਿੰਘ ਦੀ ਮੀਟਿੰਗ ਪਿੰਡ ਪੰਡੋਰੀ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਵਿਚ ਕੀਤੀ ਗਈ, ਜਿਸ ਦੀ ਅਗਵਾਈ ਜ਼ੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ ਨੇ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ ਨੇ ਦੱਸਿਆ ਕਿ ਸੂਬੇ ਦੇ ਨਿਰਦੇਸ਼ਾਂ ਅਨੁਸਾਰ ਹਰ ਪਿੰਡ ਵਿਚ 15 ਦਿਨ ਬਾਅਦ ਮੀਟਿੰਗ ਕੀਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨ ਅਤੇ ਮਜ਼ਦੂਰ ਵਰਗ ਦੇ ਹਿਤ ਵਿੱਚ ਕੰਮ ਨਹੀਂ ਕਰ ਰਹੀ ਅਤੇ ਆਪਣੀ ਮਾਰੂ ਨੀਤੀਆਂ ਕਾਰਨ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਨੂੰ ਹੋਰ ਦਬਾਉਣ ਦੀ ਤਾਕ ਵਿਚ ਲੱਗੀਆਂ ਹੋਈਆਂ ਹਨ | ਇਸ ਲਈ ਸਾਨੂੰ ਸਰਕਾਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਗਰੀਬ ਵਰਗ ਗਰੀਬ ਹੁੰਦਾ ਜਾ ਰਿਹਾ ਤੇ ਅਮੀਰ ਵਰਗ ਹੋਰ ਅਮੀਰ ਹੁੰਦਾ ਜਾ ਰਿਹਾ, ਹੁਣ ਜੋ ਕੇਂਦਰ ਸਰਕਾਰ ਨੇ ਝੋਨੇ ਦਾ ਨਵਾਂ ਰੇਟ ਤੈਅ ਕੀਤਾ ਹੈ ਉਹ 3 ਫ਼ੀਸਦੀ ਬਣਦਾ ਹੈ, ਦਵਾਈ, ਖ਼ਾਦਾਂ, ਲੇਬਰ ਦੇ ਜੋ ਰੇਟ ਵਧੇ ਹਨ, ਉਹ 13 ਫ਼ੀਸਦੀ ਦਾ ਵਾਧਾ ਹੈ ਅਤੇ ਜੋ ਨੌਕਰੀ ਪੇਸ਼ੀ ਵਾਲੇ ਲੋਕ ਹਨ ਉਨ੍ਹਾਂ ਦਾ 23 ਫ਼ੀਸਦੀ ਵਾਧਾ ਕੀਤਾ | ਇਸ ਲਈ ਸਰਕਾਰਾਂ ਖੇਤੀ ਧੰਦੇ ਨੂੰ ਘਾਟੇ ਵੱਲ ਲੈ ਜਾ ਰਹੀਆਂ ਹਨ ਅਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਦੀਆਂ ਜ਼ਮੀਨਾਂ ਘਰ ਭਾਰਤ ਮਾਲਾ ਪ੍ਰਾੋਜੈਕਟ ਵਿਚ ਆਉਣ 'ਤੇ ਜਬਰੀ ਬਿਨਾਂ ਪੈਸੇ ਦਿੱਤੇ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ, ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਤੇ ਟਿਊਬਵੇਲਾਂ ਰਾਹੀਂ ਧਰਤੀ ਵਿਚੋਂ ਪਾਣੀ ਕੱਢਣ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ, ਜੋ ਧਰਤੀ ਦਾ ਪਾਣੀ ਪੱਧਰ ਹਰ ਸਾਲ ਥੱਲੇ ਜਾ ਰਿਹਾ ਹੈ, ਉਹ ਇਕ ਆਉਣ ਵਾਲੇ ਸਮੇਂ ਵਿਚ ਵੱਡੀ ਖਤਰੇ ਦੀ ਘੰਟੀ ਹੈ | ਇਸ ਲਈ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰਾਂ ਨੂੰ ਕਿਸਾਨ ਆਗੂਆਂ ਵਲੋਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜੋ ਨਾਜਾਇਜ਼ ਧੱਕਾ ਕਰਦੀਆਂ ਹਨ, ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਸਾਨੂੰ ਇਕਜੁੱਟਤਾ ਦੀ ਲੋੜ ਹੈ | ਇਸ ਲਈ ਪਿੰਡਾਂ ਵਿਚ ਸਾਰੀਆਂ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਪਿੰਡੋਂ ਪਿੰਡ 15 ਦਿਨਾਂ ਦੀ ਮੀਟਿੰਗ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੀਟਿੰਗ ਵਿਚ ਜ਼ੋਨ ਖਜਾਨਚੀ ਹਰਜਿੰਦਰ ਸਿੰਘ ਪੰਡੋਰੀ ਸਿੱਧਵਾਂ, ਜ਼ੋਨ ਆਗੂ ਬਲਜੀਤ ਸਿੰਘ ਰਟੌਲ, ਜ਼ੋਨ ਆਗੂ ਜਸਮੇਰ ਸਿੰਘ ਜੌਹਲ, ਪ੍ਰਧਾਨ ਗੁਰਮੀਤ ਸਿੰਘ ਜੌਹਲ, ਪ੍ਰਧਾਨ ਨਵਜੀਤ ਸਿੰਘ ਗੋਹਲਵੜ, ਪ੍ਰਧਾਨ ਗੁਰਮੀਤ ਸਿੰਘ ਐਮਾਂ ਕਲਾਂ, ਪ੍ਰਧਾਨ ਸੁੱਚਾ ਸਿੰਘ ਖੈਰਦੀਨ ਕੇ, ਪ੍ਰਧਾਨ ਧਰਮ ਸਿੰਘ ਠੱਠਗੜ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਪ੍ਰਧਾਨ ਸੁਖਬੀਰ ਸਿੰਘ ਮੰਨਣ, ਪ੍ਰਧਾਨ ਸਤਵਿੰਦਰ ਸਿੰਘ ਪੰਡੋਰੀ ਸਿੱਧਵਾਂ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਪ੍ਰਧਾਨ ਜਗੀਰ ਸਿੰਘ ਕੋਟਲੀ, ਪ੍ਰਧਾਨ ਪਾਲ ਸਿੰਘ ਠੱਠੀ, ਪ੍ਰਧਾਨ ਗੁਰਬਖਸ਼ ਸਿੰਘ ਖਾਰਾ, ਪ੍ਰਧਾਨ ਮਲਕੀਤ ਸਿੰਘ ਪੰਡੋਰੀ ਤੱਖਤਮੱਲ, ਪ੍ਰਧਾਨ ਹਰਜੀਤ ਸਿੰਘ ਪੰਡੋਰੀ ਰਮਾਣਾ, ਪ੍ਰਧਾਨ ਗੁਰਮੀਤ ਸਿੰਘ ਬਹਿਲਾ, ਪ੍ਰਧਾਨ ਸੁਖਵਿੰਦਰ ਸਿੰਘ ਪੰਡੋਰੀ ਹੱਸਣ, ਪ੍ਰਧਾਨ ਜੋਗਾ ਸਿੰਘ ਕੋਟ ਦਸੰਧੀ ਮੱਲ ਆਦਿ ਹਾਜ਼ਰ ਸਨ |