ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮਿ੍ਤਸਰ ਇਕਾਈ ਵਲੋਂ 'ਮਾਨਸਿਕ ਰੋਗਾਂ ਪ੍ਰਤੀ ਸਮਾਜਿਕ ਚੇਤਨਾ ਅਤੇ ਹੱਲ' ਵਿਸ਼ੇ ਸੰਬੰਧੀ ਗੰਭੀਰ ਵਿਚਾਰ ਚਰਚਾ ਸਥਾਨਕ ਮੈਡੀਕਲ ਐਨਕਲੇਵ, ਮਜੀਠਾ ਰੋਡ ਵਿਖੇ ਕੀਤੀ ਗਈ, ਜਿਸ 'ਚ ਲੋਕਾਂ ਨੂੰ ਮਾਨਸਿਕ ਰੋਗਾਂ ਦੇ ਹਲ ਲਈ ਵਿਗਿਆਨਕ ਸੋਚ ਅਪਣਾਉਣ ਅਤੇ ਮਾਨਸਿਕ ਤਣਾਓ, ਨਸ਼ਿਆਂ ਤੇ ਖੁਦਕਸ਼ੀਆਂ ਤੋਂ ਬਚਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਦੇ ਸਾਬਕਾ ਪ੍ਰੋਫੈਸਰ ਅਤੇ ਉੱਘੇ ਸਿਹਤ ਚਿੰਤਕ ਡਾ: ਸ਼ਿਆਮ ਸੁੰਦਰ ਦੀਪਤੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਦੇ ਮਾੜੇ ਆਰਥਿਕ ਤੇ ਪਰਿਵਾਰਕ ਹਾਲਾਤ, ਆਲੇ ਦੁਆਲੇ ਦਾ ਮਾਹੌਲ, ਮਾਨਸਿਕ ਅਵਸਥਾ, ਸਮਾਜਿਕ ਵਿਤਕਰਾ, ਨਾਬਰਾਬਰੀ, ਬੇਇਨਸਾਫ਼ੀ ਤੇ ਉਸਦੀ ਅੰਧ ਵਿਸ਼ਵਾਸੀ ਮਾਨਸਿਕਤਾ ਉਸਨੂੰ ਮਾਨਸਿਕ ਤਣਾਓ, ਉਦਾਸੀ ਤੇ ਨਸ਼ਿਆਂ ਵੱਲ ਲਿਜਾਣ ਤੇ ਫਿਰ ਮਾਨਸਿਕ ਰੋਗੀ ਤੇ ਖੁਦਕਸ਼ੀ ਕਰਨ ਦਾ ਮੁੱਖ ਕਾਰਣ ਬਣਦੇ ਹਨ ਜਿਨ੍ਹਾਂ ਨੂੰ ਖ਼ਤਮ ਕਰਕੇ ਹੀ ਵੱਡੀ ਗਿਣਤੀ ਲੋਕਾਂ ਨੂੰ ਮਾਨਸਿਕ ਰੋਗਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ | ਇਸ ਮੌਕੇ ਸੂਬਾਈ ਮੀਡੀਆ ਮੁਖੀ ਸੁਮੀਤ ਅੰਮਿ੍ਤਸਰ ਨੇ ਸਮਾਜ 'ਚ ਦਿਨੋ ਦਿਨ ਵੱਧ ਰਹੇ ਮਾਨਸਿਕ ਰੋਗਾਂ ਲਈ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕ ਵਿਰੋਧੀ ਰਾਜ ਪ੍ਰਬੰਧ ਦੇ ਨਾਲ ਨਾਲ ਮਨੁੱਖ ਦੀ ਪੂੰਜੀਵਾਦੀ ਪੱਖੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆਂ | ਇਸ ਮੌਕੇ ਇਕਾਈ ਦੇ ਜਥੇਬੰਦਕ ਮੁਖੀ ਜਸਪਾਲ ਬਾਸਰਕੇ, ਵਿੱਤ ਮੁਖੀ ਪਿ੍ੰ. ਮੇਲਾ ਰਾਮ, ਸਭਿਆਚਾਰਕ ਵਿਭਾਗ ਦੇ ਮੁਖੀ ਮਾ: ਬਲਦੇਵ ਰਾਜ ਵੇਰਕਾ, ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਦਮਨਜੀਤ ਕੌਰ ਅਤੇ ਮਾ: ਕੁਲਜੀਤ ਵੇਰਕਾ ਨੇ ਆਮ ਲੋਕਾਂ ਵਿਚ ਮਾਨਸਿਕ ਰੋਗਾਂ ਦੇ ਖ਼ਾਤਮੇ ਪ੍ਰਤੀ ਵਿਗਿਆਨਕ ਚੇਤਨਾ ਵਿਕਸਤ ਕਰਦੇ ਅਜਿਹੇ ਸੈਮੀਨਾਰ ਭਵਿੱਖ ਵਿਚ ਵੱਧ ਤੋਂ ਵੱਧ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ | ਇਸ ਮੌਕੇ ਮੈਡਮ ਊਸ਼ਾ ਦੀਪਤੀ, ਸੁਖਮੀਤ ਸਿੰਘ, ਰਾਜ ਕੁਮਾਰ ਵੇਰਕਾ, ਰਮੇਸ਼ ਜੈਨ, ਪਰਮਜੀਤ ਸਿੰਘ, ਅਨਮੋਲ ਸਿੰਘ, ਹਰੀ ਕਿ੍ਸ਼ਨ ਆਦਿ ਨੇ ਵੀ ਵਿਚਾਰ ਚਰਚਾ ਵਿਚ ਭਾਗ ਲਿਆ |