ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਕੇ. ਟੀ. ਕਲਾ ਦੇ ਐਡੀਟੋਰੀਅਮ ਵਿਖੇ ਮਰਹੂਮ ਅਦਾਕਾਰ ਰਾਜ ਕਪੂਰ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ ਕਲਾ ਪ੍ਰਦਰਸ਼ਨੀ ਲਗਾਈ ਗਈ | ਚਾਰ ਰੋਜ਼ਾ ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਸਿੱਧਗੁਰੂ ਦੇਵ ਸ੍ਰੀ ਗੁਰਬਖ਼ਸ ਰਾਏ ਵਲੋਂ ਕੀਤਾ ਗਿਆ | ਇਸ ਪੇਂਟਿੰਗ ਪ੍ਰਦਰਸ਼ਨੀ 'ਚ ਬੇਲਾ ਅਗਰਵਾਲ ਵਲੋਂ ਰਾਜ ਕਪੂਰ ਨੂੰ ਆਧਾਰ ਬਣਾ ਕੇ ਤਿਆਰ ਕੀਤੀਆਂ ਗਈਆਂ 13 ਪੇਂਟਿੰਗਾਂ ਰੱਖੀਆ ਗਈਆਂ | ਇਸ ਤੋਂ ਇਲਾਵਾ ਕਲਾਕਾਰ ਮਨਪ੍ਰੀਤ ਕੌਰ ਵਲੋਂ ਤਿਆਰ ਕੀਤੀਆਂ ਗਈਆਂ 33 ਕਲਾਕ੍ਰਿਤੀਆਂ ਪ੍ਰਦਰਸ਼ਨੀ ਦੀ ਸ਼ੋਭਾ ਵਧਾ ਰਹੀਆਂ ਸਨ | ਇਸ ਦੌਰਾਨ ਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਪੇਂਟਿੰਗ ਮਨੁੱਖੀ ਚਿਹਰਿਆਂ, ਬੱਚਿਆਂ ਅਤੇ ਚਲ ਰਹੀਆਂ ਘਟਨਾਵਾਂ 'ਤੇ ਆਧਾਰਿਤ ਹਨ | ਇਸ ਤੋਂ ਇਲਾਵਾ ਉਨ੍ਹਾਂ ਦੀਆਂ ਅਗਲੀਆਂ ਪੇਂਟਿੰਗਾਂ ਜੰਗ 'ਤੇ ਆਧਾਰਿਤ ਹਨ ਜੋ ਜਲਦ ਤਿਆਰ ਹੋ ਜਾਣਗੀਆਂ | ਇਸ ਮੌਕੇ ਮੁੱਖ ਮਹਿਮਾਨ ਨੇ ਕੇ. ਟੀ. ਕਲਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕੇ.ਟੀ. ਕਲਾ ਦੇ ਬਿ੍ਜੇਸ਼ ਜੌਲੀ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਸ੍ਰੀ ਜੋਲੀ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 5 ਜੂਨ ਤੱਕ ਜਾਰੀ ਰਹੇਗੀ | ਇਸ ਮੌਕੇ ਰੋਟਰੀ ਕਲੱਬ ਵਲੋਂ ਰੁਪਿੰਦਰ ਸਿੰਘ ਕਟਾਰੀਆ, ਡਾ: ਲਲਿਤ ਕੁਮਾਰ, ਮਾਲਾ ਚਾਵਲਾ, ਭਾਰਤੀ ਮਲਹੋਤਰਾ, ਕੰਚਨ ਅਰੋੜਾ, ਸਪਨਾ ਬਜਾਜ, ਅੰਜੂ, ਹਰਪ੍ਰੀਤ ਕੌਰ ਸਮੇਤ ਕਈ ਹੋਰ ਕਲਾ ਪ੍ਰੇਮੀ ਮੌਜੂਦ ਸੀ |