ਤਰਨ ਤਾਰਨ, 3 ਜੂਨ (ਪਰਮਜੀਤ ਜੋਸ਼ੀ)-ਨਸ਼ਾ ਬੰਦ ਕਰਨ ਦੀ ਆੜ 'ਚ ਪੰਜਾਬ ਪੁਲਿਸ ਦੀਆਂ ਖੁੱਲ੍ਹੀਆਂ ਛੱਡੀਆਂ ਲਗਾਮਾਂ ਕਿਸੇ ਵੇਲੇ ਵੀ ਪੰਜਾਬ ਦੇ ਹਲਾਤ ਖ਼ਰਾਬ ਕਰ ਸਕਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਬਲਦੇਵ ਸਿੰਘ ਪੰਡੋਰੀ ਨੇ ਗੱਲਬਾਤ ਕਰਦਿਆਂ ਕੀਤਾ | ਜਾਮਾਰਾਏ ਨੇ ਕਿਹਾ ਨਸ਼ੇ ਦੇ ਸਮੱਗਲਰ, ਰਾਜ ਕਰਦੀ ਧਿਰ ਅਤੇ ਪੁਲਿਸ ਦਾ ਗਠਜੋੜ ਹੋਣ ਕਾਰਨ ਨਸ਼ੇ ਦੀ ਲੜੀ ਨਹੀਂ ਟੁੱਟ ਰਹੀ | ਨਸ਼ਿਆਂ ਨੂੰ ਨਕੇਲ ਪਾਉਣ ਦੀ ਥਾਂ ਪੁਲਿਸ ਵਲੋਂ ਨਾਜਾਇਜ਼ ਪੁਲਿਸ ਹਿਰਾਸਤ ਵਿਚ ਰੱਖ ਕੇ ਕੋਹ-ਕੋਹ ਕੇ ਨੌਜਵਾਨਾਂ ਨੂੰ ਮਾਰਨ ਦੀਆਂ ਖਬਰਾਂ ਆ ਰਹੀਆਂ ਹਨ | ਆਮ ਲੋਕਾਂ ਦੇ ਘਰਾਂ 'ਤੇ ਬਲਡੋਜਰ ਚਲਾਇਆ ਜਾ ਰਿਹਾ ਹੈ, ਨਸ਼ੇ, ਭਿ੍ਸ਼ਟਾਚਾਰ 'ਚ ਫਸੇ ਸਿਆਸਤਦਾਨ, ਪੁਲਿਸ ਅਧਿਕਾਰੀਆਂ ਦੇ ਘਰਾਂ ਵੱਲ ਬਲਡੋਜਰ ਚਲਾਉਣ ਲਈ ਮੂੰਹ ਨਹੀਂ ਕੀਤਾ ਜਾ ਰਿਹਾ | ਪੁਲਿਸ ਵਲੋਂ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ, ਮੁਲਾਜ਼ਮਾਂ ਨੂੰ ਘੜੀਸ-ਘੜੀਸ ਕੇ ਕੁੱਟ ਕੇ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਸਰਕਾਰ ਅਤੇ ਪੁਲਿਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ |