ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਤੇ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ, ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਰਸਮੀ ਪੱਤਰ ਲਿਖ ਕੇ ਅਬੂਧਾਬੀ (ਯੂ.ਏ.ਈ.) ਵਿਖੇ ਇਕ ਅੰਮਿ੍ਤਧਾਰੀ ਸਿੱਖ ਦਲਵਿੰਦਰ ਸਿੰਘ ਨਾਲ ਹੋਏ ਦੁਰਵਿਵਹਾਰ ਅਤੇ ਸਿੱਖ ਕੱਕਾਰਾਂ ਦੀ ਘੋਰ ਬੇਅਦਬੀ ਦੀ ਘਟਨਾ ਦਾ ਸਖ਼ਤ ਨੋਟਿਸ ਲੈਣ ਤੇ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ | ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਆਬੂਧਾਬੀ ਵਿਚ ਦਲਵਿੰਦਰ ਸਿੰਘ ਨਾਲ ਵਾਪਰੀ ਘਟਨਾ, ਜਿਸ ਵਿਚ ਉਨ੍ਹਾਂ ਨੂੰ ਸ੍ਰੀ ਸਾਹਿਬ ਕਾਰਨ ਗਿ੍ਫ਼ਤਾਰ ਕਰਕੇ, ਦਸਤਾਰ ਅਤੇ ਕੱਕਾਰ ਉਤਰਵਾ ਕੇ ਅਣਮਨੁੱਖੀ ਸਲੂਕ ਕੀਤਾ ਗਿਆ, ਜੋ ਕਿ ਅਤਿ ਨਿੰਦਣਯੋਗ ਹੈ | ਇਸਨੇ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਤੇ ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਦੱਸਿਆ ਕਿ ਪੀੜਤ ਸਿੱਖ ਨੂੰ ਲਗਪਗ 20 ਦਿਨ ਅਣਮਨੁੱਖੀ ਹਾਲਾਤਾਂ ਵਿਚ ਨਜ਼ਰਬੰਦ ਰੱਖਿਆ ਗਿਆ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ ਤੇ ਬਿਨਾਂ ਦਸਤਾਰ ਦੇ ਭਾਰਤ ਵਾਪਸ ਭੇਜਿਆ ਗਿਆ, ਜੋ ਅਸਹਿ ਅਪਮਾਨ ਹੈ | ਅਜਿਹਾ ਕਿਉਂ ਹੋਇਆ, ਇਸਦੀ ਤਹਿ ਤੱਕ ਜਾਣਾ ਅਤੇ ਕਾਰਨਾਂ ਨੂੰ ਜਾਨਣਾ ਬੇਹੱਦ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਦਸਤਾਰ ਅਤੇ ਪੰਜ ਕੱਕਾਰ ਸਿੱਖ ਦੀ ਆਨ ਤੇ ਸ਼ਾਨ ਹਨ | ਵਿਦੇਸ਼ਾਂ ਵਿਚ ਅਜਿਹੀਆਂ ਘਟਨਾਵਾਂ ਦਾ ਮੁੜ ਵਾਪਰਨਾ ਅਤਿ ਚਿੰਤਾਜਨਕ ਹੈ ਅਤੇ ਸਿੱਖ ਕੱਕਾਰਾਂ ਦੀ ਮਹੱਤਤਾ ਤੇ ਸਤਿਕਾਰ ਨੂੰ ਵਿਸ਼ਵ ਭਰ ਵਿਚ ਯਕੀਨੀ ਬਣਾਉਣ ਲਈ ਪੰਥਕ ਪੱਧਰ 'ਤੇ ਠੋਸ ਕਦਮ ਚੁੱਕਣ ਦੀ ਫੌਰੀ ਲੋੜ ਹੈ | ਬ੍ਰਹਮਪੁਰਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਇਹ ਮਾਮਲਾ ਭਾਰਤ ਤੇ ਯੂ.ਏ.ਈ. ਸਰਕਾਰਾਂ ਕੋਲ ਉਠਾ ਕੇ ਭਵਿੱਖੀ ਰੋਕਥਾਮ ਲਈ ਠੋਸ ਕਦਮ ਚੁੱਕਣ ਦਾ ਆਦੇਸ਼ ਦੇਵੇ | ਉਨ੍ਹਾਂ ਭਾਰਤ ਸਰਕਾਰ ਤੋਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਧਾਰਮਿਕ ਹੱਕਾਂ ਤੇ ਕੱਕਾਰਾਂ ਦੀ ਸੁਰੱਖਿਆ ਲਈ ਸਥਾਈ ਕੂਟਨੀਤਕ ਨੀਤੀ ਬਣਾਉਣ ਦੀ ਮੰਗ ਕੀਤੀ ਹੈ | ਨਾਲ ਹੀ ਪੰਥਕ ਜਥੇਬੰਦੀਆਂ ਨੂੰ ਕੱਕਾਰਾਂ ਦੀ ਮਹੱਤਤਾ ਤੇ ਸਤਿਕਾਰ ਨੂੰ ਵਿਸ਼ਵ ਪੱਧਰ 'ਤੇ ਦਿ੍ੜ੍ਹ ਕਰਵਾਉਣ ਲਈ ਯੋਜਨਾਬੱਧ ਕਾਰਜ ਕਰਨ ਅਤੇ ਪੀੜਤ ਦਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਥ ਵਲੋਂ ਹਰ ਸੰਭਵ ਸਹਾਇਤਾ ਦੇਣ ਦੀ ਵੀ ਬੇਨਤੀ ਕੀਤੀ | ਬ੍ਰਹਮਪੁਰਾ ਨੇ ਆਸ ਪ੍ਰਗਟਾਈ ਕਿ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਗੰਭੀਰ ਮਸਲੇ 'ਤੇ ਤੁਰੰਤ ਕਾਰਵਾਈ ਕਰਕੇ ਪੰਥ ਦੀ ਅਗਵਾਈ ਕਰੇਗਾ, ਤਾਂ ਜੋ ਵਿਸ਼ਵ ਭਰ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਆਵਾਜ਼ ਬੁਲੰਦ ਕਰਦਾ ਰਹੇਗਾ |