07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਿਆਸ ਦਰਿਆ ਦਾ ਕਹਿਰ, ਪਿੰਡ ਕਿੜੀਆਂ ਦੀ ਦਰਜਨਾਂ ਏਕੜ ਜ਼ਮੀਨ ਰੋੜ੍ਹ ਕੇ ਲੈ ਗਿਆ ਤੇਜ਼ ਵਹਾਅ

Ad Position 21
No active advertisement
ਅਜੀਤ ਡੈਸਕ 02-09-2025

ਹਰੀਕੇ ਪੱਤਣ, 1 ਸਤੰਬਰ (ਸੰਜੀਵ ਕੁੰਦਰਾ)-ਬਿਆਸ ਦਰਿਆ ਦਾ ਕਹਿਰ ਰੁਕ ਨਹੀਂ ਰਿਹਾ ਜਿੱਥੇ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਉੱਥੇ ਬਾਰਸ਼ਾਂ ਦਾ ਦੌਰ ਦੁਬਾਰਾ ਸ਼ੁਰੂ ਹੋਣ ਨਾਲ ਹਾਲਾਤ ਬਦ ਤੋਂ ਬਦਤਰ ਹਨ | ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਕਿਨਾਰੇ ਪੈਂਦੇ ਪਿੰਡ ਕਿੜੀਆਂ ਵਿਚ ਬਿਆਸ ਦਰਿਆ ਦੀ ਮਾਰ ਕਾਰਨ ਦਰਜਨਾਂ ਏਕੜ ਜ਼ਮੀਨ ਪਾਣੀ ਵਿਚ ਜਲ ਮਗਨ ਹੋ ਗਈ | ਰਹਿੰਦੀ ਜ਼ਮੀਨ ਨੂੰ ਬਚਾਉਣ ਲਈ ਬਿਪਤਾ ਦੇ ਮਾਰੇ ਕਿਸਾਨ ਹੱਥ ਪੈਰ ਮਾਰ ਰਹੇ ਹਨ ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਉਨ੍ਹਾਂ ਦਾ ਵੱਸ ਨਹੀਂ ਚੱਲ ਰਿਹਾ | ਇਸ ਮੌਕੇ ਕਿਸਾਨ ਮਨਜੀਤ ਸਿੰਘ, ਛਿੰਦਾ ਸਿੰਘ ਬਚਿੱਤਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਿਆਸ ਦਰਿਆ ਦਾ ਪਾਣੀ ਸਾਡੀ ਜ਼ਮੀਨ ਨੂੰ ਵਹਾਅ ਕੇ ਲਈ ਜਾ ਰਿਹਾ ਹੈ, ਹੁਣ ਤੱਕ ਸੁੱਖਾ ਸਿੰਘ, ਦਿਲਬਾਗ ਸਿੰਘ, ਬਚਿੱਤਰ ਸਿੰਘ, ਅੰਗਰੇਜ਼ ਸਿੰਘ, ਸੁਖਵਿੰਦਰ ਸਿੰਘ, ਜੰਗ ਸਿੰਘ, ਸਵਰਨ ਸਿੰਘ, ਨਵਦੀਪ ਸਿੰਘ, ਸੁੰਦਰ ਸਿੰਘ, ਮਨਜੀਤ ਸਿੰਘ, ਗੁਰਮੇਜ ਸਿੰਘ ਅਤੇ ਹਰਦੀਪ ਸਿੰਘ ਆਦਿ ਕਿਸਾਨਾਂ ਦੀ ਦਰਜਨਾਂ ਏਕੜ ਜ਼ਮੀਨ ਦਰਿਆ ਨੇ ਆਪਣੇ ਵਿਚ ਸਮਾ ਲਈ ਹੈ | ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕੀਤੀ ਪਰ ਸਾਡੀ ਸਾਰ ਲੈਣ ਕੋਈ ਨਹੀਂ ਪਹੁੰਚਿਆ | ਉਨ੍ਹਾਂ ਕਿਹਾ ਕਿ ਇਹ ਮਾਰ ਅਜੇ ਵੀ ਜਾਰੀ ਹੈ | ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਹੜ੍ਹ ਆਏ ਹਨ ਇਹ ਪਾਣੀ ਦੀ ਮਾਰ ਇਸ ਦਿਨ ਤੋਂ ਹੀ ਸ਼ੁਰੂ ਹੋਈ ਸੀ ਪਰੰਤੂ ਹੁਣ 2 ਦਿਨਾਂ ਵਿਚ ਤਾਂ ਦਰਿਆ ਦੇ ਭਿਆਨਕ ਰੂਪ ਨੇ ਵੱਡਾ ਖੋਰਾ ਲਾ ਦਿੱਤਾ | ਸਾਡੀ ਜ਼ਮੀਨ ਜੋ ਦਰਿਆ ਤੋਂ ਲਗਪਗ 25- 30 ਫੁੱਟ ਉੱਚੀ ਹੈ ਅਤੇ ਇਸ ਵਿਚ ਝੋਨਾ ਬੀਜਿਆ ਹੋਇਆ ਹੈ, ਨੂੰ ਪਾਣੀ ਦੀ ਸੱਟ ਇੰਨੀ ਜੋਰ ਦੀ ਵੱਜ ਰਹੀ ਹੈ ਕਿ ਵੱਡੀਆਂ ਵੱਡੀਆਂ ਢਿੱਗਾਂ ਦੇ ਰੂਪ ਵਿਚ ਸਾਡੀ ਜ਼ਮੀਨ ਦਰਿਆ ਦੀ ਭੇਂਟ ਚੜ੍ਹ ਗਈ | ਪਿੰਡ ਵਾਸੀਆਂ ਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਅਤੇ ਇੱਥੇ ਸੰਗਤਾਂ ਨੂੰ ਨਾਲ ਲੈਕੇ ਕੇ ਪਹੁੰਚਣ ਤਾਂ ਜੋ ਲੱਗ ਰਹੀ ਢਾਹ ਰੁੱਕ ਸਕੇ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਸ੍ਰੀ ਚੰਦ ਦੀ ਜੈਅੰਤੀ ਮੌਕੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਅਗਲੀ ਖ਼ਬਰ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਦੀ ਮਦਦ ਲਈ ਗਰਾਊਾਡ ਜ਼ੀਰੋ 'ਤੇ ਤਾਇਨਾਤ
Ad Position 24
No active advertisement