ਤਰਨ ਤਾਰਨ, 2 ਸਤੰਬਰ (ਪਰਮਜੀਤ ਜੋਸ਼ੀ)- ਕਿਰਤੀ ਕਿਸਾਨ ਯੂਨੀਅਨ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਹੋਰਨਾਂ ਵਰਗਾਂ ਦੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਰੁਝੇਵਿਆਂ ਕਾਰਨ ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ ਗਿਆ, ਵਫਦ ਦੀ ਅਗਵਾਈ ਨਛੱਤਰ ਸਿੰਘ ਮੁਗਲਚੱਕ ਨੇ ਕੀਤੀ | ਵਫ਼ਦ ਵਿਚ ਸਤਪਾਲ ਸਿੰਘ ਨੱਥੋਕੇ ਜਨਰਲ ਸੱਕਤਰ, ਮਿਹਰ ਸਿੰਘ ਚੁਤਾਲਾ ਸਕੱਤਰ, ਗੁਰਬਖਸ਼ ਸਿੰਘ ਸੂਰਵਿੰਡ, ਸਵਰਨ ਸਿੰਘ, ਗੁਰਭੇਜ ਸਿੰਘ ਸ਼ਾਹ, ਇੰਦਰਜੀਤ ਸਿੰਘ, ਅਕਬੀਰ ਸਿੰਘ, ਸੁਰਜੀਤ ਸਿੰਘ ਨੰਬਰਦਾਰ, ਹਰਵਿੰਦਰ ਸਿੰਘ, ਗੱਜਣ ਸਿੰਘ, ਅੰਗਰੇਜ ਸਿੰਘ ਵਲੀਪੁਰ, ਨਾਜਰ ਸਿੰਘ ਸਰਹਾਲੀ ਖੁਰਦ, ਗੁਰਪ੍ਰੀਤ ਸਿੰਘ ਗੰਜਾ, ਦਲੇਰ ਸਿੰਘ ਸ਼ਾਮਿਲ ਹੋਏ | ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਤਿਆਗ ਕੇ ਹੜ੍ਹਾਂ ਤੋਂ ਪੀੜਤ ਕਿਸਾਨਾਂ ਮਜ਼ਦੂਰਾਂ ਦੀ ਸਾਰ ਲੈਣੀ ਚਾਹੀਦੀ ਹੈ | ਕਿਰਤੀ ਕਿਸਾਨ ਯੂਨੀਅਨ ਵਲੋਂ ਆਪਣੇ ਮੰਗ ਪੱਤਰ ਰਾਹੀ ਤੁਰੰਤ ਗਿਰਦਾਵਰੀ, ਹੜ੍ਹਾਂ ਕਾਰਨ ਹੋਈ ਮੌਤ ਦਾ 20 ਲੱਖ ਰੁਪਏ, ਨੁਕਸਾਨੀ ਫ਼ਸਲ ਦਾ 50 ਹਜ਼ਾਰ ਪ੍ਰਤੀ ਏਕੜ, ਮਜ਼ਦੂਰ ਪਰਿਵਾਰਾਂ ਨੂੰ 25 ਹਜ਼ਾਰ ਪ੍ਰਤੀ ਪਰਿਵਾਰ, ਗਾਵਾਂ, ਮੱਝਾਂ ਦਾ ਇਕ ਲੱਖ ਪ੍ਰਤੀ ਪਸ਼ੂ ਦਿੱਤਾ ਜਾਵੇ, ਮੂਆਵਜ਼ਾ ਦੇਣ ਦੀ ਪ੍ਰਕਿਰਿਆ ਸਮਾਂਬੱਧ ਕਰਨਾ, ਫ਼ਸਲੀ ਬੀਮਾ ਯੋਜਨਾ ਸਰਲ ਕਰਕੇ ਲਾਗੂ ਕਰਨਾ, ਟਾਸਕ ਫੋਰਸ ਬਣਾਕੇ ਦਰਿਆਵਾਂ, ਚੋਆਂ, ਸੇਮ ਨਾਲਿਆਂ ਦੀ ਸਫ਼ਾਈ ਦਾ ਕੰਮ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਕਰਨਾ, ਜਿਥੋਂ ਦਰਿਆ ਟੁਟਦੇ ਹਨ, ਨਿਸ਼ਾਨਦੇਹੀ ਕਰਕੇ ਮਾਹਿਰਾਂ ਦੀ ਸਹਾਇਤਾ ਲੈਕੇ ਬੰਨ੍ਹ ਮਜ਼ਬੂਤ ਕਰਨੇ, ਖਲਾਈ ਰੇਤਾ ਤੱਕ ਕਰਨੀ ਤਾਂ ਜੋ ਵਾਧੂ ਪਾਣੀ ਤੋਂ ਬਿਨਾਂ ਪਾਣੀ ਧਰਤੀ ਹੇਠ ਜੀਰ ਸਕੇ, ਹੜ੍ਹਾਂ ਨੂੰ ਕੰਟਰੋਲ ਕਰਨ ਲਈ ਹਰ ਖੇਤ ਨੂੰ ਨਹਿਰੀ ਪਾਣੀ ਤੇ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਦੇਣ ਦੀ ਨੀਤੀ ਅਪਣਾ ਕੇ ਨਹਿਰੀ ਢਾਂਚੇ ਦਾ ਵਿਸਥਾਰ ਅਤੇ ਮਜ਼ਬੂਤ ਕਰਨਾ, ਡੈਮਾਂ ਦੀ ਭੰਡਾਰਨ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਗਾਰ ਕੱਢਣ ਦਾ (ਡੀਸਿਲਟਿੰਗ) ਦਾ ਕੰਮ ਸਿਲਸਿਲੇਵਾਰ ਢੰਗ ਨਾਲ ਕਰਨਾ, ਚੈਕ ਡੈਮਾਂ ਦੀ ਵਿਵਸਥਾ ਨੂੰ ਵਿਕਸਿਤ ਕਰਨਾ, ਦਰਿਆਵਾਂ ਵਿਚ ਸਾਰਾ ਸਾਲ ਘੱਟੋ ਘੱਟ ਇਕ ਮਾਤਰਾ 'ਚ ਪਾਣੀ ਦਾ ਵਹਿਣ ਲਾਜ਼ਮੀਕਰਨਾ, ਡੈਮਾਂ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਲਈ ਅਧੁਨੀਕ ਢੰਗ ਅਪਣਾ ਕੇ ਫੌਰੀ ਸੁਧਾਰ ਕਰਨਾ, ਭਾਰਤ ਮਾਲਾ ਪ੍ਰਾਜੈਕਟ ਦੀਆਂ ਸੜਕਾਂ ਸਮੇਤ ਹਰੇਕ ਸ਼ਾਹ ਰਾਹ ਅਤੇ ਲਿੰਕ ਸੜਕਾਂ ਵਿਚ ਕੁਦਰਤੀ (ਰਾਹ-ਰਸਤੇ) ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਪਾਣੀ ਦੇ ਨਿਕਾਸ ਦੇ ਢੁਕਵੇਂ ਬੰਦੋਬਸਤ ਕਰਨਾ, ਪਾਣੀ ਦੀ ਡਾਫ ਲੱਗਣ ਵਾਲੇ ਸਥਾਨਾਂ 'ਤੇ ਪੁਲ ਉੱਚੇ ਕਰਕੇ ਬਣਾਉਣੇ ਆਦਿ ਮੰਗਾਂ ਇਸ ਮੰਗ ਪੱਤਰ ਵਿਚ ਸ਼ਾਮਿਲ ਸਨ | ਏ.ਡੀ.ਸੀ ਵਲੋਂ ਇਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਪੁੱਜਦਾ ਕਰਨ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਪਿੰਡ ਸੂਰ ਵਿੰਡ ਤੇ ਭੈਣੀ ਦੀਆਂ ਤਬਾਹ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦਾ ਵੀ ਭਰੋਸਾ ਦਿਵਾਇਆ ਗਿਆ |