ਹਰੀਕੇ ਪੱਤਣ, 3 ਸਤੰਬਰ (ਸੰਜੀਵ ਕੁੰਦਰਾ)- ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਬੀਤੀ ਰਾਤ 10 ਵਜੇ 3 ਲੱਖ ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡੇ ਜਾਣ ਤੋਂ ਬਾਅਦ ਵਿਭਾਗ ਵਲੋਂ ਹਾਈ ਫਲੱਡ ਘੋਸ਼ਿਤ ਕਰ ਦਿੱਤਾ ਗਿਆ | ਜਿੱਥੇ ਬਿਆਸ ਦਰਿਆ ਪਹਿਲਾਂ ਹੀ ਉਫਾਨ 'ਤੇ ਹੈ, ਉੱਥੇ ਰੋਪੜ ਹੈੱਡ ਵਰਕਸ ਤੋਂ ਛੱਡੇ ਪਾਣੀ ਦੇ ਸਤਲੁਜ ਦਰਿਆ ਦੇ ਰਸਤੇ ਹਰੀਕੇ ਹੈੱਡ ਵਰਕਸ ਵਿਚ ਪਹੁੰਚਣ 'ਤੇ ਬੀਤੀ ਸ਼ਾਮ ਤੋਂ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਸੀ ਜੋ ਅੱਜ 3 ਵਜੇ ਤੱਕ ਲਗਾਤਾਰ ਜਾਰੀ ਸੀ | ਡਾਊਨ ਸਟਰੀਮ ਨੂੰ ਛੱਡੇ ਪਾਣੀ ਦਾ ਪੱਧਰ ਜਿਵੇਂ ਹੀ ਵੱਧਣਾ ਸ਼ੁਰੂ ਹੋਇਆ ਤਾਂ ਹਰੀਕੇ ਹਥਾੜ ਖੇਤਰ ਦੇ ਲੋਕਾਂ ਵਿਚ ਭਾਰੀ ਖੌਫ਼ ਦੇਖਿਆ ਗਿਆ | ਵੱਧ ਰਿਹਾ ਪਾਣੀ ਦਾ ਪੱਧਰ ਧੁੱਸੀ ਬੰਨ੍ਹ ਨੂੰ ਲਗਾਤਾਰ ਢਾਹ ਲਾ ਰਿਹਾ ਸੀ, ਜਿਸ ਕਾਰਨ ਕਿਸਾਨ ਵੱਡੀ ਪੱਧਰ 'ਤੇ ਧੁੱਸੀ ਬੰਨ੍ਹ ਉਪਰ ਡੱਟੇ ਹੋਏ ਸਨ | ਇਸ ਵੱਧੇ ਪਾਣੀ ਦਾ ਇੰਨ੍ਹਾ ਖ਼ੌਫ਼ ਸੀ ਕਿ ਧੁੱਸੀ ਬੰਨ੍ਹ ਤੋਂ ਬਾਹਰ ਬੈਠੇ ਪਰਿਵਾਰ ਵੀ ਚਿੰਤਾਜਨਕ ਹੋ ਗਏ | ਲੋਕਾਂ ਨੇ ਆਪਣਾ ਕੀਮਤੀ ਸਮਾਨ ਵਗੈਰਾ ਸਾਂਭਣਾ ਸ਼ੁਰੂ ਕਰ ਦਿੱਤਾ ਸੀ | ਸਾਰੀ ਰਾਤ ਡਰ ਦੇ ਮਾਰੇ ਸੁੱਤੇ ਨਹੀਂ ਅਤੇ ਕਿਸਾਨ ਸਾਰੀ ਰਾਤ ਧੁੱਸੀ ਬੰਨ੍ਹ ਦੀ ਨਿਗਰਾਨੀ ਅਤੇ ਮਜ਼ਬੂਤੀ ਲਈ ਲੱਗੇ ਰਹੇ | ਜਿਕਰਯੋਗ ਹੈ ਕਿ ਹਰੀਕੇ ਹੈੱਡ ਵਰਕਸ ਵਿਚ 4 ਅਗਸਤ ਤੋਂ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋਇਆ ਸੀ ਤੇ ਅੱਜ 1 ਮਹੀਨੇ ਬਾਅਦ ਵੀ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ | ਲੋਕਾਂ ਦੀਆਂ ਮੁਸੀਬਤਾਂ ਵੱਧ ਰਹੀਆਂ ਹਨ | ਰਹਿੰਦੀ ਕਸਰ ਬਾਰਿਸ਼ ਨੇ ਪੂਰੀ ਕਰ ਦਿੱਤੀ ਜਿਹੜੇ ਪਰਿਵਾਰ ਘਰਾਂ ਵਿਚ ਪਾਣੀ ਭਰ ਜਾਣ ਕਾਰਨ ਬੰਨ੍ਹਾਂ 'ਤੇ ਤੰਬੂ ਲਾ ਕੇ ਬੈਠੇ ਹਨ ਬਾਰਿਸ਼ ਉਨ੍ਹਾਂ ਲਈ ਆਫ਼ਤ ਬਣੀ ਹੋਈ ਹੈ | ਜਿਕਰਯੋਗ ਹੈ ਕਿ ਧੁੱਸੀ ਬੰਨ੍ਹ ਜਿਸ ਨੂੰ ਪਾਣੀ ਦੇ ਤੇਜ਼ ਵਹਾਅ ਨੇ ਕਈ ਜਗਾਹ 'ਤੇ ਢਾਹ ਲਾ ਦਿੱਤੀ ਸੀ ਜਿਸ ਨੂੰ ਰੋਕਣ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਦਿਨ ਰਾਤ ਸੇਵਾ ਕਾਰਜ ਕਰ ਰਹੀਆਂ ਹਨ ਪਰ ਜਿਸ ਤਰ੍ਹਾਂ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ ਜੇਕਰ ਧੁੱਸੀ ਬੰਨ੍ਹ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਕਈ ਪਿੰਡ ਅਤੇ ਹਜ਼ਾਰਾਂ ਏਕੜ ਫਸਲ ਹੜ੍ਹਾਂ ਦੀ ਮਾਰ ਹੇਠ ਆ ਜਾਵੇਗੀ | ਇਸ ਡਰ ਕਾਰਨ ਧੁੱਸੀ ਬੰਨ੍ਹ ਤੋਂ ਬਾਹਰ ਰਹਿੰਦੇ ਪਰਿਵਾਰਾਂ ਨੇ ਆਪਣੇ ਪਸ਼ੂ ਤੇ ਹੋਰ ਸਮਾਨ ਘਰਾਂ ਵਿਚੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕ ਸਰੁੱਖਿਅਤ ਥਾਵਾਂ ਵੱਲ ਜਾ ਰਹੇ ਹਨ |