ਪੱਟੀ, 4 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐੱਸ.ਪੀ ਸਿੰਘ ਉਬਰਾਏ ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਹਨ | ਜਿਸ ਤਹਿਤ ਉਹ ਪੱਟੀ ਹਲਕੇ ਦੇ ਪਿੰਡ ਝੁੱਗੀਆਂ ਨੂਰ ਮਹੁੰਮਦ ਵਿਖੇ ਪੁੱਜੇ ਅਤੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਅਤੇ ਮਦਦ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਮੁਸ਼ਕਲ ਘੜੀ ਹੈ, ਪਰ ਪੰਜਾਬੀ ਆਪਸੀ ਇਕਜੁੱਟਤਾ ਨਾਲ਼ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ | ਉਬਰਾਏ ਨੇ ਕਿਹਾ ਕਿ ਟਰੱਸਟ ਵਲੋਂ ਲਗਪਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ | ਹੁਣ ਤੱਕ ਸਾਢੇ ਤਿੰਨ ਸੌ ਟਨ ਚਾਰਾ ਭੇਜਿਆ ਜਾ ਚੁੱਕਾ ਹੈ | ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਜਦ ਤਕ ਲੋੜ ਹੈ, ਸਪਲਾਈ ਜਾਰੀ ਰਹੇਗੀ ਅਤੇ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ | ਉਨ੍ਹਾਂ ਅਪੀਲ ਕੀਤੀ ਕਿ ਚਾਰਾ ਸਿਰਫ਼ ਲੋੜਵੰਦ ਘਰਾਂ ਨੂੰ ਹੀ ਵੰਡਿਆ ਜਾਵੇ, ਨਾ ਕਿ ਬੇਲੋੜੇ ਲੋਕ ਇਕੱਠਾ ਕਰਨ | ਡਾ. ਉਬਰਾਏ ਨੇ ਪ੍ਰਸ਼ਾਸਨ, ਪੁਲਿਸ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ਜਿਹੜੇ ਇਕੱਠੇ ਹੋ ਕੇ ਸਹਾਇਤਾ ਪਹੁੰਚਾ ਰਹੇ ਹਨ | ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਨਾਲ਼ ਮਿਲ ਕੇ ਇਹ ਯੋਜਨਾ ਬਣਾਈ ਜਾ ਰਹੀ ਹੈ ਕਿ ਕਿਹੜੇ ਪਿੰਡ ਵਿਚ ਕਿਹੜੀ ਸਹੂਲਤ ਦੀ ਲੋੜ ਹੈ, ਤਾਂ ਜੋ ਮਦਦ ਸੁਚੱਜੇ ਤਰੀਕੇ ਨਾਲ਼ ਪਹੁੰਚ ਸਕੇ | ਉਨ੍ਹਾਂ ਦੱਸਿਆ ਕਿ ਜਿਵੇਂ ਪਾਣੀ ਘਟਣਾ ਸ਼ੁਰੂ ਹੋਇਆ ਹੈ, ਅਗਲੀ ਲੋੜ ਦਵਾਈਆਂ ਅਤੇ ਘਰਾਂ ਦੀ ਮੁਰੰਮਤ ਦੀ ਹੋਵੇਗੀ | ਡਿਪਟੀ ਕਮਿਸ਼ਨਰ ਰਾਹੁਲ ਅਤੇ ਐੱਸ.ਐੱਸ.ਪੀ. ਦੀਪਕ ਪਾਰਕ ਨੇ ਡਾ. ਉਬਰਾਏ ਦੀ ਕੋਸ਼ਿਸ਼ਾਂ ਦੀ ਪ੍ਰਸ਼ੰਸਾਂ ਕੀਤੀ | ਇਸ ਮੌਕੇ ਮਾਝਾ ਜੋਨ ਦੇ ਇੰਚਾਰਜ ਪਿ੍ੰਸ ਧੁੰਨਾ, ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਡਾ. ਇੰਦਰਪ੍ਰੀਤ ਸਿੰਘ ਧਾਮੀ, ਸਰਪੰਚ ਗੁਰਵਿੰਦਰ ਸਿੰਘ ਆਦਿ ਮੌਜੂਦ ਸਨ |