ਤਰਨ ਤਾਰਨ, 6 ਸਤੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਜਾਣਬੁੱਝ ਕੇ ਅਣਗੌਲਿਆਂ ਕਰਨ ਦੀ ਨੀਤੀ ਤਹਿਤ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਮੁੜ - ਮੁੜ ਲਿਖਤੀ ਮੀਟਿੰਗਾਂ ਤਹਿ ਕਰਕੇ ਮੁਲਤਵੀ ਕੀਤੇ ਜਾਣ ਦੇ ਮਾੜੇ ਵਤੀਰੇ ਖਿਲਾਫ਼ ਸਾਂਝੇ ਫਰੰਟ ਵਲੋਂ ਸੰਘਰਸ਼ਾਂ ਦੇ ਦਿੱਤੇ ਸੱਦੇ ਦੀ ਲਾਮਬੰਦੀ ਲਈ ਸਾਂਝੀਆਂ ਜ਼ਿਲ੍ਹਾ ਮੀਟਿੰਗਾਂ ਕਰਕੇ ਕੈਬਨਿਟ ਮੰਤਰੀਆਂ ਨੂੰ ਵੱਡੇ ਰੋਸ ਡੈਪੂਟੇਸ਼ਨ ਲੈ ਕੇ ਮਿਲਣ ਉਪਰੰਤ 11 ਅਕਤੂਬਰ ਦੀ ਸੰਗਰੂਰ ਰੈਲੀ ਨੂੰ ਕਾਮਯਾਬ ਕਰਨ ਲਈ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਏਟਕ ਨਾਲ ਸਬੰਧਤ ਦੋ ਜਥੇਬੰਦੀਆਂ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਅਤੇ ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਸਬ ਡਵੀਜ਼ਨ ਨੌਸ਼ਹਿਰ ਪਨੂੰਆਂ ਦੀ ਸਾਂਝੀ ਮੀਟਿੰਗ ਬਲਦੇਵ ਸਿੰਘ ਸਰਪੰਚ ਅਤੇ ਮੇਜਰ ਸਿੰਘ ਪਨੂੰ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ | ਮੀਟਿੰਗ ਵਿਚ ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਸਾਂਝਾ ਫਰੰਟ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ, ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸਰਕਲ ਆਗੂ ਜਗੀਰ ਸਿੰਘ ਜੱਗੀ, ਅਵਤਾਰ ਕਿ੍ਸ਼ਨ, ਮੋਹਨ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਨੰਦਪੁਰ, ਦਵਿੰਦਰ ਸਿੰਘ ਜੇ.ਈ ਆਦਿ ਆਗੂਆਂ ਅਤੇ ਵੱਡੀ ਗਿਣਤੀ ਮੈਂਬਰਾਂਨ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਵਾਜਿਬ ਮਸਲਿਆਂ ਨੂੰ ਵੱਟੇ ਖਾਤੇ ਪਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕਰ ਰਹੀ ਹੈ | ਜਿਸ ਦੇ ਰੋਸ ਵਜੋਂ ਸਾਂਝਾ ਫਰੰਟ ਨੇ ਸੂਬੇ ਭਰ ਵਿਚ 6 ਅਤੇ 7 ਸਤੰਬਰ ਨੂੰ ਜ਼ਿਲ੍ਹਾ ਮੀਟਿੰਗਾਂ ਕਰਨ ਉਪਰੰਤ 13 ਅਤੇ 14 ਸਤੰਬਰ ਨੂੰ ਕੈਬਨਿਟ ਮੰਤਰੀਆਂ ਨੂੰ ਵੱਡੇ ਰੋਸ ਡੈਪੂਟੇਸ਼ਨ ਰਾਹੀਂ ਆਪਣੇ ਮਸਲਿਆਂ ਦਾ ਮੰਗ ਪੱਤਰ ਪੇਸ਼ ਕਰਨ ਤੋਂ ਇਲਾਵਾ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਅਤੇ ਬਿਪਤਾ ਮਾਰੇ ਲੋਕਾਂ ਦੇ ਮੁੜ ਵਸੇਬੇ ਲਈ ਪਾਰਦਰਸ਼ੀ ਤਰੀਕੇ ਨਾਲ ਮਕੁੰਮਲ ਯੋਜਨਾਬੰਦੀ ਕਰਨ ਦੀ ਮੰਗ ਜੋਰਦਾਰ ਤਰੀਕੇ ਨਾਲ ਉਠਾਈ ਜਾਵੇਗੀ | ਸਾਂਝਾ ਫਰੰਟ ਦੇ ਕਨਵੀਨਰ ਗੰਡੀਵਿੰਡ ਨੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਪੰਜਾਬ ਸਰਕਾਰ ਵਲੋਂ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜਾਣਬੁੱਝ ਕੇ ਅੱਖੋਂ ਪਰੋਖੇ ਕਰਨ ਦੀ ਘਟੀਆ ਨੀਤੀ ਦੀ ਜੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਾਂਝੇ ਫਰੰਟ ਨਾਲ ਲਗਾਤਾਰ ਲਿਖਤੀ ਮੀਟਿੰਗਾਂ ਤਹਿ ਕਰਕੇ ਵਾਰ ਵਾਰ ਮੁਲਤਵੀ ਕਰਕੇ ਟਕਰਾਅ ਵਾਲਾ ਮਾਹੌਲ ਤਿਆਰ ਕਰ ਰਹੀ ਹੈ | ਮੁਲਾਜ਼ਮ ਆਗੂ ਗੰਡੀਵਿੰਡ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵਲੋਂ ਇਕ ਦਿਨ ਦੀ ਤਨਖਾਹ ਅਤੇ ਪੈਨਸ਼ਨ ਮੁੱਖ ਮੰਤਰੀ ਰਾਹਤ ਫੰਡ ਵਿਚ ਭੇਜਣ ਦੇ ਫੈਸਲੇ ਬਾਰੇ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ | ਗੰਡੀਵਿੰਡ ਨੇ ਸਾਂਝਾ ਫਰੰਟ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਸੰਘਰਸ਼ਾਂ ਦੀ ਤਿਆਰੀ ਲਈ 7 ਸਤੰਬਰ ਨੂੰ ਸਵੇਰੇ ਸਾਢੇ 10 ਵਜੇ ਸਥਾਨਕ ਗਾਂਧੀ ਪਾਰਕ ਵਿਖੇ ਰੱਖੀ ਸਾਂਝੀ ਜ਼ਿਲ੍ਹਾ ਮੀਟਿੰਗ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ |