ਤਰਨ ਤਾਰਨ, 6 ਸਤੰਬਰ (ਹਰਿੰਦਰ ਸਿੰਘ)- ਮਾਝਾ ਕਾਲਜ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਸਕਾਰਪੀਓ ਵਲੋਂ ਈ-ਰਿਕਸ਼ੇ ਨੂੰ ਟੱਕਰ ਮਾਰਨ 'ਤੇ ਇਕ ਰਿਕਸ਼ੇ ਵਿਚ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦਕਿ ਈ-ਰਿਕਸ਼ਾ ਚਾਲਕ ਵੀ ਗੰਭੀਰ ਜ਼ਖਮੀ ਹੋ ਗਿਆ | ਮਿ੍ਤਕ ਔਰਤ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸਫਾਈ ਸੇਵਕਾ ਵਜੋਂ ਕੰਮ ਕਰਦੀ ਸੀ | ਇਸ ਸੰਬੰਧ ਵਿਚ ਥਾਣਾ ਸਦਰ ਪੁਲਿਸ ਨੇ ਸਕਰਾਪੀਓ ਚਾਲਕ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਗੁਰਜੰਟ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਅਲਾਦੀਨਪੁਰ ਨੇ ਸ਼ਿਕਾਤਿ ਦਰਜ ਕਰਵਾਈ ਕਿ ਮਾਝਾ ਕਾਲਜ ਤਰਨ ਤਾਰਨ ਰੋਡ 'ਤੇ ਉਸਦੀ ਦੁਕਾਨ ਹੈ ਅਤੇ ਉਹ ਆਪਣੀ ਦੁਕਾਨ 'ਤੇ ਖੜਾ ਸੀ ਤਾਂ ਉਸ ਸਮੇਂ ਇਕ ਈ-ਰਿਕਸ਼ਾ ਤਰਨ ਤਾਰਨ ਸ਼ਹਿਰ ਵਾਲੇ ਪਾਸੋਂ ਤੋਂ ਆ ਰਿਹਾ ਸੀ, ਜਿਸ ਪਿੱਛੇ ਇਕ ਸਕਾਰਪੀਓ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਦੇ ਚਾਲਕ ਨੇ ਬਿਨਾਂ ਹਾਰਨ ਦਿੱਤੇ ਬੜੀ ਲਾਪ੍ਰਵਾਹੀ ਨਾਲ ਈ-ਰਿਕਸ਼ਾ ਵਿਚ ਗੱਡੀ ਮਾਰ ਦਿੱਤੀ | ਈ-ਰਿਕਸ਼ਾ ਵਿਚ ਸਵਾਰ ਔਰਤ ਗੁਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਅਲਾਦੀਨਪੁਰ ਜੋ ਕਿ ਉਸ ਦੀ ਭਾਬੀ ਲੱਗਦੀ ਸੀ, ਸੜਕ ਉਪਰ ਡਿੱਗ ਪਈ ਅਤੇ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ | ਜਿਸ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਵਿਖੇ ਦਾਖ਼ਲ ਕਰਵਆਇਆ ਗਿਆ, ਜਿਥੇ ਇਲਾਜ ਦੌਰਾਨ ਗੁਰਜੀਤ ਕੌਰ ਦੀ ਮੌਤ ਹੋ ਗਈ | ਸਕਾਰਪੀਓ ਚਾਲਕ ਮੌਕੇ ਤੋਂ ਗੱਡੀ ਭਜਾ ਕੇ ਫ਼ਰਾਰ ਹੋ ਗਿਆ | ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਕਾਰਪੀਓ ਚਾਲਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |