ਪੱਟੀ, 6 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਦਿਹਾਤੀ ਮਜ਼ਦੂਰ ਸਭਾ ਬ੍ਰਾਂਚ ਲੌਹੁਕਾ ਦੀ ਮੀਟਿੰਗ ਬਲਦੇਵ ਸਿੰਘ ਲੋਹਕਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਖੇਤ ਮਜ਼ਦੂਰ ਅÏਰਤਾਂ ਤੇ ਮਰਦਾਂ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਦੌਰਾਨ ਹੋਈ ਬਰਬਾਦੀ ਨਾਲ ਖੇਤ ਮਜ਼ਦੂਰਾਂ ਦੀਆਂ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਅਤੇ ਕੰਧਾਂ ਨੂੰ ਵੀ ਨੁਕਸਾਨ ਹੋਇਆ ਹੈ | ਖੇਤ ਮਜ਼ਦੂਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿੱਥੇ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਤਿੰਨ ਲੱਖ ਫਸਲਾਂ ਦੀ ਬਰਬਾਦੀ ਹੋਈ ਹੈ, ਉੱਥੇ 30 ਦੇ ਕਰੀਬ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ | ਕੇਂਦਰ ਅਤੇ ਪੰਜਾਬ ਸਰਕਾਰ ਆਪਣੀ ਜੁੰਮੇਵਾਰੀ ਤੋਂ ਭੱਜਦੀ ਨਜ਼ਰ ਆ ਰਹੀ ਹੈ | ਆਗੂਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਹੋਈ ਬਰਬਾਦੀ ਕਾਰਨ ਕਿਸਾਨੀ ਦੀ ਤਰਜ਼ 'ਤੇ ਮਜ਼ਦੂਰਾਂ ਨੂੰ ਵੀ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ, ਜੇਕਰ ਸਾਡੀ ਇਸ ਹੱਕੀ ਤੇ ਵਾਜਿਬ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ 17 ਸਤੰਬਰ ਦਿਨ ਬੁੱਧਵਾਰ ਨੂੰ ਮਾਝਾ ਦੁਆਬਾ ਜੋਨ ਦਾ ਇਕੱਠ ਕਰਕੇ ਜਲੰਧਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਦਿਆਲ ਸਿੰਘ ਲੋਹਕਾ, ਬਿਕਰ ਸਿੰਘ ਨੱਥੂਚੱਕ, ਲਾਜਰ ਮਸੀਹ ਚੂਸਲੇਵੜ, ਚੰਦ ਸਿੰਘ ਤੂਤ ਆਦਿ ਆਗੂ ਹਾਜ਼ਰ ਸਨ |