ਤਰਨ ਤਾਰਨ, 6 ਸਤੰਬਰ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ 'ਹੋਮ ਲਵਰ' ਹੈੱਡਲੂਮ ਕਾਰਨਰ ਦੀ ਦੁਕਾਨ 'ਤੇ ਬਾਅਦ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਅੱਗ ਦੁਕਾਨ ਦੇ ਉਪਰਲੇ ਹਿੱਸੇ ਨੂੰ ਲੱਗੀ, ਜੋ ਕਿ ਦੁਕਾਨ ਦੇ ਹੇਠਾਂ ਵਾਲੇ ਪਾਸੇ ਨੂੰ ਵੱਧ ਗਈ | ਇਸ ਸੰਬੰਧ ਵਿਚ ਫਾਇਰ ਬਿ੍ਗੇਡ ਤਰਨ ਤਾਰਨ ਤੋਂ ਇਲਾਵਾ ਅੰਮਿ੍ਤਸਰ ਅਤੇ ਪੱਟੀ ਤੋਂ ਵੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਘਟਨਾ ਵਾਲੀ ਜਗ੍ਹਾ 'ਤੇ ਪੁਹੰਚ ਗਈਆਂ ਅਤੇ ਬੜੀ ਜਦੋ ਜਹਿਦ ਨਾਲ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ | ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੇ ਦੁਕਾਨਦਾਰਾਂ ਵਿਚ ਵੀ ਡਰ ਦੇਖਣ ਨੂੰ ਮਿਲਿਆ ਕਿ ਕਿਧਰੇ ਅੱਗ ਉਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਅੱਗ ਆਪਣੀ ਚਪੇਟ ਵਿਚ ਵੀ ਨਾ ਲਏ | ਇਸ ਦੇ ਚੱਲਦਿਆਂ ਆਸ-ਪਾਸ ਦੀਆਂ ਦੁਕਾਨਾਂ ਨੂੰ ਦੁਕਾਦਾਰਾਂ ਵਲੋਂ ਬੰਦ ਕਰ ਦਿੱਤਾ ਗਿਆ ਅਤੇ ਅੱਗ ਬੁਝਾਉਣ ਵਿਚ ਮਦਦ ਕਰਨ ਲੱਗ ਪਏ | ਬਾਜ਼ਾਰ ਤੰਗ ਹੋਣ ਕਾਰਨ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਘਟਨਾ ਵਾਲੀ ਜਗ੍ਹਾ ਉਪਰ ਪੁੱਜਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਅੱਗ ਦੇ ਭਾਂਬੜ ਮੱਚੇ ਹੋਏ ਦੂਰੋਂ ਦਿਖਾਈ ਦੇ ਰਹੇ ਸਨ ਅਤੇ ਦੂਰ ਤੱਕ ਅੱਗ ਦੀਆਂ ਲਪਟਾਂ ਦੇਖੀਆਂ ਜਾ ਸਕਦੀਆਂ ਸਨ ਅਤੇ ਆਸਮਾਨ ਉਪਰ ਧੂੰਆਂ ਹੀ ਧੂੰਆਂ ਦਿਖਾਈ ਦੇ ਰਿਹਾ ਸੀ | ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਹੈਡਲੂਮ ਦੁਕਾਨ ਦੇ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਵੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਉਹ ਅੱਗ 'ਤੇ ਕਾਬੂ ਪਾਉਣ ਵਿਚ ਰੁਝੇ ਹੋਏ ਹਨ | ਦੁਕਾਨ ਵਿਚ ਪਏ ਸਮਾਨ ਸੰਬੰਧੀ ਉਨ੍ਹਾਂ ਦੱਸਿਆ ਕਿ ਇਹ ਵੀ ਦੇਖਣ 'ਤੇ ਹੀ ਪਤਾ ਲੱਗੇਗਾ | ਦੂਸਰੇ ਪਾਸੇ ਮੰਨਿਆਂ ਜਾ ਰਿਹਾ ਹੈ ਦੁਕਾਨ ਵਿਚ ਕੰਬਲ, ਚਾਦਰਾਂ, ਗੱਦੇ, ਪਰਦੇ, ਮੈਟ ਤੋਂ ਇਲਾਵਾ ਹੈਡਲੂਮ ਦਾ ਬਹੁਤ ਵੱਡਾ ਸਟਾਕ ਪਿਆ ਹੋਇਆ ਸੀ ਅਤੇ ਇਸ ਅੱਗ ਲੱਗਣ ਨਾਲ ਦੁਕਾਨਦਾਰ ਨੂੰ ਲੱੱਖਾਂ ਰੁਪਏ ਦਾ ਨੁਕਸਾਨ ਹੋਣਾ ਮੰਨਿਆ ਜਾ ਰਿਹਾ ਹੈ |