ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦੀ ਸਰਕਾਰੀ ਰਿਹਾਇਸ਼ ਤੋਂ ਦੋ ਕਿਲੋਮੀਟਰ ਨੇੜੇ੍ਹ ਹੈਵੀ ਮਸ਼ੀਨਰੀ ਨਾਲ ਲੈਸ ਮਾਫੀਆ ਸਿਆਸੀ ਸ਼ਹਿ ਦੇ ਥਾਪੜੇ 'ਤੇ ਨਾਜਾਇਜ਼ ਮਿੱਟੀ ਦੀ ਮਾਈਨਿੰਗ ਕਰਵਾਈ ਜਾ ਰਹੀ ਹੈ | ਨੇੜ੍ਹੇ ਦੀਆਂ ਉੱਚੀਆਂ ਜ਼ਮੀਨਾਂ ਦੇ ਮਾਲਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਤਰਨ ਤਾਰਨ ਜ਼ਿਲ੍ਹ੍ਹੇ ਦੇ ਜੋਨ ਬਾਬਾ ਬੀਰ ਸਿੰਘ ਦੇ ਕਾਰਜਕਾਰੀ ਪ੍ਰਧਾਨ ਨਿਸ਼ਾਨ ਸਿੰਘ ਸ਼ਹਾਬਪੁਰ ਅਤੇ ਜੋਨ ਦੇ ਸੰਗਠਨ ਸਕੱਤਰ ਸੁਖਦੇਵ ਸਿੰਘ ਸਹਾਬਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੰਬਲ ਤੋਂ ਜੋ ਕਿ ਪੱਟੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਤੇ ਪੱਟੀ ਸੇਰੋਂ ਰੋਹੀ ਦੇ ਨੇੜ੍ਹੇ, ਰੋਹੀ ਦੇ ਕਿਨਾਰੇ 'ਤੇ ਸੇਰੋਂ ਤੇ ਚੰਬਲ ਪਿੰਡ ਦੀ ਜ਼ਮੀਨ ਵਿਚੋਂ ਵੱਡੇ ਪੱਧਰ 'ਤੇ ਗੈਰ ਕਾਨੂੰਨੀ ਤੌਰ 'ਤੇ ਮਿੱਟੀ ਦੀ ਮਾਈਨਿੰਗ ਕੀਤੀ ਜਾ ਰਹੀ ਹੈ | ਅੱਜ ਤੋਂ ਚਾਰ ਸਾਲ ਪਹਿਲਾਂ 6 ਫੁੱਟ ਤੱਕ ਮਾਈਨਿੰਗ ਕੀਤੀ ਗਈ ਸੀ ਤੇ ਆਂਢੀ-ਗੁਆਂਢੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ, ਪਰ ਹੁਣ ਦੁਬਾਰਾ ਫਿਰ ਤੋਂ ਪੁੱਟੀਆਂ ਜ਼ਮੀਨਾਂ ਨੂੰ ਦੋਹਰੇ ਤੋਂ ਪੰਜ ਤੋਂ ਛੇ ਫੁੱਟ ਤੱਕ ਪੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਸੈਂਕੜੇ ਏਕੜ ਰੋਹੀ ਦੇ ਕੰਢੇ ਜ਼ਮੀਨ ਪੁੱਟ ਦਿੱਤੀ ਗਈ, ਜਿਸ ਨਾਲ ਪਿੰਡ ਸ਼ਹਾਬਪੁਰ ਦੀ ਜਮੀਨ ਨੂੰ ਢਾਹ ਲੱਗਣ ਦਾ ਖਤਰਾ ਬਣ ਗਿਆ ਹੈ | ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਰੋਹੀ ਦਾ ਪਾਣੀ ਏਨਾ ਚੜ੍ਹ ਗਿਆ ਕਿ ਕਈ ਦਿਨਾਂ ਤੱਕ ਪਾਣੀ ਪੁੱਟੀਆਂ ਜ਼ਮੀਨਾਂ ਵਿਚ ਖੜਾ ਰਿਹਾ ਤੇ ਉੱਚੀਆਂ ਜ਼ਮੀਨਾਂ ਨੂੰ ਢਾਹ ਲਗਾਉਂਦਾ ਰਿਹਾ | ਦਿਨ-ਰਾਤ ਮਸ਼ੀਨਾਂ ਤੇ ਟਿੱਪਰਾਂ ਨਾਲ ਮਾਈਨਿੰਗ ਹੋ ਰਹੀ ਸਿਆਸੀ ਸਰਪ੍ਰਸਤੀ ਹੇਠ ਠੇਕੇਦਾਰ ਵਲੋਂ ਇਹ ਮਿੱਟੀ ਭਾਰਤ ਮਾਲਾ ਵਾਲੀਆਂ ਸੜਕਾਂ ਉੱਤੇ ਪਾਇਆ ਜਾ ਰਿਹਾ ਹੈ ਤੇ ਸ਼ਰੇਆਮ ਮਾਈਨਿੰਗ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਮਾਈਨਿੰਗ ਵਾਲੀ ਜਗ੍ਹਾ ਤੋਂ ਜ਼ਿਲ੍ਹੇ ਦੇ ਐਸ.ਐਸ.ਪੀ. ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੋ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਹੈ | ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਵਾਈ ਜਾਵੇ |