ਤਰਨ ਤਾਰਨ, 24 ਸਤੰਬਰ (ਹਰਿੰਦਰ ਸਿੰਘ)- ਇਕ ਵਿਅਕਤੀ ਉਪਰ ਹਥਿਆਰਾਂ ਨਾਲ ਲੈਸ ਹੋ ਕੇ ਉਸ ਨਾਲ ਕੁੱਟਮਾਰ ਕਰਕੇ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਤਰਨ ਤਾਰਨ ਨੇ 6 ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਪ੍ਰਮਵੀਰ ਸਿੰਘ ਪੁੱਤ ਹਰਜੀਤ ਸਿੰਘ ਵਾਸੀ ਕਾਜੀਕੋਟ ਰੋਡ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਅਮਨ ਪੁੱਤਰ ਲੈਣ ਰੂਪ ਲਾਲ, ਕਰਨਪ੍ਰੀਤ ਸਿੰਘ, ਲਵ ਪੁੱਤਰਾਨ ਇੰਦਰ ਸਿੰਘ ਕਾਜੀਕੋਟ ਰੋਡ ਤਰਨ ਤਾਰਨ, ਰੋਬਿਨ ਪੁੱਤਰ ਬਲਦੇਵ ਸਿੰਘ ਵਾਸੀ ਕਾਜੀਕੋਟ, ਰਵਿੰਦਰ ਕੌਰ ਪਤਨੀ ਜੈਇੰਦਰ ਸਿੰਘ, ਪ੍ਰਭ ਪੁੱਤਰ ਬਲਵਿੰਦਰ ਸਿੰਘ ਵਾਸੀ ਕਾਜੀਕੋਟ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਨੂੰ ਮੇਰੇ ਦੋਸਤ ਜਗਤਾਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਗਲੀ ਬਾਬਾ ਜੋਗਿੰਦਰ ਸਿੰਘ ਵਾਲੀ ਕਾਜੀਕੇਟ ਰੋਡ ਤਰਨ ਤਾਰਨ ਨੇ ਸਾਡੇ ਘਰਾਂ ਦੇ ਬਾਹਰ ਗਲੀ ਵਿੱਚ ਸ਼ੋਰ ਸ਼ਰਾਬਾ ਕਰਨ ਤੋਂ ਰੋਕਿਆ ਤਾਂ ਇਸੇ ਗੱਲ ਤੋਂ ਇਨ੍ਹਾਂ ਦੀ ਮੇਰੇ ਦੋਸਤ ਜਗਤਾਰ ਸਿੰਘ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਮੈਂ ਗਲੀ ਵਿਚ ਖੜ੍ਹਾ ਸੀ ਜਿੰਨ੍ਹਾ ਨੂੰ ਮੈਂ ਝਗੜਾ ਕਰਨ ਤੋਂ ਰੋਕ ਦਿੱਤਾ ਅਤੇ ਮੈਂ ਆਪਣੇ ਘਰ ਨੂੰ ਆ ਗਿਆ ਅਤੇ ਇਸੇ ਗੱਲ ਦਾ ਬੁਰਾ ਮਨਾ ਕੇ ਕੁਝ ਚਿਰ ਬਾਅਦ ਹੀ ਉਕਤ ਵਿਅਕਤੀਆਂ ਨੇ ਇੱਕਠੇ ਹੋ ਕੇ ਮੇਰੇ ਘਰ ਦੇ ਅੰਦਰ ਦਾਖਲ ਹੋ ਗਏ ਅਤੇ ਰਵਿੰਦਰ ਕੌਰ ਨੇ ਲਲਕਾਰਾ ਮਾਰ ਕੇ ਆਪਣੇ ਲੜਕਿਆਂ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਕਿਹਾ ਕਿ ਫੜ੍ਹ ਲਓ ਇਸ ਨੂੰ ਸਾਡੇ ਨਾਲ ਜਗਤਾਰ ਸਿੰਘ ਨਾਲ ਹੋਇਆ ਝਗੜਾ ਰੋਕਣ ਦਾ ਮਜਾ ਚਖਾ ਦਿਓ ਤਾਂ ਇੰਨੇ ਨੂੰ ਲਵ ਹੋਰੀ ਮੈਨੂੰ ਗਲੇ ਕਾਲਰ ਤੋਂ ਫੜ੍ਹ ਕੇ ਬਾਹਰ ਗਲੀ ਵਿਚ ਲੈ ਗਏ ਅਤੇ ਅਮਨ ਨੇ ਆਪਣੇ ਦਸਤੀ ਦਾਤਰ ਦਾ ਵਾਰ ਮੇਰੇ ਉੱਪਰ ਕੀਤਾ, ਜੋ ਮੇਰੇ ਸਿਰ ਦੇ ਖੱਬੇ ਪਾਸੇ ਲੱਗਾ ਅਤੇ ਇੰਨੇ ਨੂੰ ਲਵ ਪ ਨੇ ਆਪਣੇ ਦਸਤੀ ਦਾਤਰ ਦਾ ਪੁੱਠਾ ਵਾਰ ਮੇਰੇ ਉੱਪਰ ਕੀਤਾ ਜੋ ਮੇਰੇ ਸਿਰ ਦੇ ਸੱਜੇ ਪਾਸੇ ਸਿਰ ਵਿਚ ਲੱਗਾ ਅਤੇ ਕਰਨਪ੍ਰੀਤ ਸਿੰਘ ਨੇ ਆਪਣੇ ਹੱਥ ਵਿੱਚ ਪਾਏ ਹੋਏ ਕੜੇ ਦਾ ਵਾਰ ਮੇਰੇ ਸਿਰ ਵਿਚ ਕੀਤਾ | ਇਨ੍ਹਾਂ ਦੇ ਬਾਕੀਆਂ ਸਾਥੀਆਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤਾ ਅਤੇ ਮੇਰੀ ਕੁੱਟਮਾਰ ਕਰਕੇ ਮੈਨੂੰ ਜ਼ਖ਼ਮੀ ਕਰ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ.ਗੁਰਭੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |