ਤਰਨ ਤਾਰਨ, 25 ਸਤੰਬਰ (ਇਕਬਾਲ ਸਿੰਘ ਸੋਢੀ)-ਜਤਿੰਦਰ ਮਸੀਹ ਗੌਰਵ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵਲੋਂ ਜ਼ਿਲ੍ਹਾ ਤਰਨ ਤਾਰਨ ਦਾ ਦੌਰਾ ਕੀਤਾ ਗਿਆ ਅਤੇ ਪੇਂਡੂ ਵਿਕਾਸ ਭਵਨ ਤਰਨ ਤਾਰਨ ਵਿਖੇ ਮੀਟਿੰਗ ਵਿਚ ਘੱਟ ਗਿਣਤੀ ਵਰਗ ਦੇ ਵਿਅਕਤੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ ਸੰਦੀਪ ਮਲਹੋਤਰਾ, ਐੱਸ.ਡੀ.ਐੱਮ. ਪੱਟੀ ਪ੍ਰੀਤਇੰਦਰ ਸਿੰਘ, ਐੱਸ.ਪੀ. ਹੈੱਡਕੁਆਟਰ ਅਜੈਰਾਜ ਸਿੰਘ, ਪਿਆਰ ਸਿੰਘ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਿਕਰਮਜੀਤ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਪਰਮਜੀਤ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਆਦਿ ਅਫ਼ਸਰ ਮੌਜੂਦ ਸਨ | ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਘੱਟ ਗਿਣਤੀ ਵਰਗ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ, ਜਿਸ ਵਿਚ ਜਿਆਦਾਤਰ ਸ਼ਿਕਾਇਤਾਂ ਖਾਸ ਕਰਕੇ ਪਿੰਡਾਂ ਵਿਚ ਘੱਟ ਗਿਣਤੀ ਵਰਗ ਦੇ ਕਬਰਿਸਤਾਨਾਂ ਨਾਲ ਸੰਬੰਧਿਤ ਸਨ | ਚੇਅਰਮੈਨ ਵਲੋਂ ਸੰਬੰਧਿਤ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਘੱਟ ਗਿਣਤੀ ਵਰਗ ਦੇ ਕਬਰਿਸਤਾਨਾਂ ਨਾਲ ਸੰਬੰਧਿਤ ਸ਼ਿਕਾਇਤਾਂ ਦੇ ਨਾਲ-ਨਾਲ ਹੋਰ ਸ਼ਿਕਾਇਤਾਂ ਨੂੰ ਵੀ ਜਲਦ ਤੋਂ ਜਲਦ ਦੂਰ ਕੀਤਾ ਜਾਵੇ |