ਪੱਟੀ, 25 ਸਤੰਬਰ (ਕਾਲੇਕੇ, ਖਹਿਰਾ)- ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼, ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਅਤੇ ਬਲਾਕ ਖੇਤੀਬਾੜੀ ਅਫਸਰ ਦੀ ਯੋਗ ਅਗਵਾਈ ਹੇਠ ਆਈ.ਈ.ਸੀ. ਐਕਟੀਵਿਟੀ ਤਹਿਤ ਹਾਟ-ਸਪਾਟ ਪਿੰਡ ਸਭਰਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਅਮਨਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਹਾੜ੍ਹੀ ਦੀ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਸਿਫਾਰਿਸ਼ ਪ੍ਰਮਾਣਿਤ ਕਿਸਮਾਂ ਦਾ ਬੀਜ ਸੋਧ ਕੇ ਸਿਫਾਰਿਸ਼ ਸਮੇਂ 'ਤੇ ਬਿਜਾਈ ਕਰਨ ਨਾਲ ਫਸਲ ਦਾ ਝਾੜ ਵਧਣ ਦੀ ਸੰਭਾਵਨਾ ਹੋ ਜਾਂਦੀ ਹੈ | ਇਸ ਦੌਰਾਨ ਕਿਸਾਨਾਂ ਨੂੰ ਕਿਹਾ ਗਿਆ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਜਾਂ ਬੇਲਰ ਨਾਲ ਗੱਠਾਂ ਬਣਾ ਕੇ ਪਰਾਲਿ ਦਾ ਸੁਚੱਜਾ ਖਬੰਧ ਕੀਤਾ ਜਾਵੇ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਜ਼ਮੀਨ ਵਿਚ ਪਾਇਆ ਜੈਵਿਕ ਮਾਦਾ ਅਤੇ ਜੀਵ ਮਿੱਤਰਾਂ ਦਾ ਨੁਕਸਾਨ ਨਹੀਂ ਹੁੰਦਾ | ਇਸ ਮੌਕੇ ਕਿਸਾਨਾਂ ਨੂੰ ਗੁਰਪ੍ਰੀਤ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਵਲੋੋਂ ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਹੜ੍ਹ ਪ੍ਰਭਾਵਿਤ ਖੇਤਰ ਵਿਚ ਜੋ ਕਿਸਾਨ ਸਰੋਂ ਦੀ ਖੇਤੀ ਕਰਨਾ ਚਾਹੁੰਦੇ ਹਨ ਤਾਂ ਵਿਤਾਗ ਵਲੋਂ ਉਸ ਨੂੰ ਸਰੋਂ ਦੇ ਬੀਜ ਦਾ ਮੁਫਤ ਪ੍ਰਬੰਧ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਮੌਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਤਹਿਤ ਖੇਤੀ ਸਾਹਿਤ ਵੰਡਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੀ.ਏ ਅਤੇ ਚੇਅਰਮੈਨ ਦਿਲਬਾਗ ਸਿੰਘ ਸੰਧੂ ਨੇ ਕਿਸਾਨਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਸਾਫ-ਸੁਖਰਾ ਰੱਖਣ ਲਈ ਵੱਧ ਤੋੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਅਵਤਾਰ ਸਿੰਘ, ਪੰਚਾਇਤ ਮੈਂਬਰ ਰਾਣਾ, ਲਵ, ਜਗੀਰ ਸਿੰਘ, ਗੁਰਜੰਟ ਸਿੰਘ, ਰਣਜੀਤ ਸਿੰਘ ਖੇਤੀ ਉਪ ਨਿਰੀਖਕ, ਗੁਰਲਾਲ ਸਿੰਘ ਫੀਲਡ ਵਰਕਰ, ਗੁਰਦੇਵ ਸਿੰਘ ਮਾਣਕਪੂਰਾ ਆਦਿ ਕਿਸਾਨ ਹਾਜ਼ਰ ਸਨ |