ਝਬਾਲ, 26 ਸਤੰਬਰ (ਸਰਬਜੀਤ ਸਿੰਘ)-ਸੱਚਖੰਡ ਵਾਸੀ ਸੰਤ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲਿਆਂ ਵਲੋਂ ਇਲਾਕੇ ਦੇ ਲੋਕਾਂ ਦੇ ਬੱਚਿਆਂ ਦੀ ਸਹੂਲਤ ਲਈ ਲਾਏ ਵਿੱਦਿਆ ਰੂਪੀ ਬੂਟਾ ਬਾਬਾ ਬੁੱਢਾ ਸਾਹਿਬ ਕਾਲਜ ਬੀੜ ਸਾਹਿਬ, ਜੋ ਪਹਿਲਾਂ ਸੰਤ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵਾਲਿਆਂ ਦੀ ਦੇਖ ਰੇਖ ਹੇਠ ਇਲਾਕੇ ਦੀ ਵਿਦਿਅਕ ਸੰਸਥਾ ਵਜੋਂ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ, ਵਿਖੇ ਅੱਜ ਕੱਲ੍ਹ ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਬੱਚਿਆਂ ਨੂੰ ਉਚੇਰੀ ਵਿੱਦਿਆ ਦੇਣ ਦੇ ਨਾਲ-ਨਾਲ ਹੋਰ ਵੀ ਸਮਾਜਿਕ ਗਤੀਵਿਧੀਆਂ ਅਤੇ ਸਮੇਂ ਦੇ ਹਾਣੀ ਹੋਣ ਲਈ ਕਈ ਯੋਜਨਾਵਾਂ ਉਲੀਕ ਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਕਾਲਜ ਦਿਨੋ ਦਿਨ ਹੋਰ ਤਰੱਕੀ ਦੀਆਂ ਮੰਜਿਲਾਂ ਨੂੰ ਛੂੰਹਦਾ ਜਾ ਰਿਹਾ ਹੈ | ਇਹ ਵਿਚਾਰ ਗੱਲਬਾਤ ਦੌਰਾਨ ਕਾਲਜ ਪਿ੍ੰਸੀਪਲ ਕਰਨਜੀਤ ਸਿੰਘ ਬੇਦੀ ਅਤੇ ਕਾਲਜ ਦੇ ਸਕੱਤਰ ਜਗੀਰ ਸਿੰਘ ਨੇ ਪ੍ਰਗਟ ਕੀਤੇ | ਉਨ੍ਹਾਂ ਆਖਿਆ ਕਿ ਕਾਲਜ ਵਿਚ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਨਵੀਆਂ ਨਵੀਆਂ ਵਧੇਰੇ ਸਹੂਲਤਾਂ ਦਾ ਦੂਰ-ਦੂਰ ਦੇ ਪਿੰਡਾਂ ਦੇ ਬੱਚੇ ਇਨ੍ਹਾਂ ਸਹੂਲਤਾਂ ਤੋਂ ਲਾਭ ਲੈ ਰਹੇ ਹਨ | ਉਨ੍ਹਾਂ ਆਖਿਆ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ 5, 6, 7 ਅਕਤੂਬਰ ਨੂੰ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਸੰਬੰਧੀ ਕਾਲਜ ਦੀ ਕਮੇਟੀ ਵਲੋਂ ਵੀ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾਣਗੇ | ਜਦੋਂ ਕਿ ਗੁਰਦੁਆਰਾ ਸੰਤ ਨਿਵਾਸ ਸਾਹਿਬ ਜੀ ਕਰਦੇ ਸੇਵਾਦਾਰ ਬਾਬਾ ਭੋਲਾ ਸਿੰਘ ਨੇ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਕਮੇਟੀ ਵਲੋਂ ਕਾਲਜ ਵਿਚ ਹੋਰ ਉਚੇਰੀ ਸਿੱਖਿਆ ਦੇ ਪ੍ਰਬੰਧ ਕੀਤੇ ਜਾਣ ਅਤੇ ਬੱਚਿਆਂ ਨੂੰ ਹੋਰ ਸਹੂਲਤਾਂ ਦੇਣ ਦੇ ਯਤਨਾ ਲਈ ਸ਼ਲਾਘਾ ਕੀਤੀ ਹੈ |