ਝਬਾਲ, 26 ਸਤੰਬਰ (ਸੁਖਦੇਵ ਸਿੰਘ)- ਪਿਛਲੇ ਕਈ ਦਿਨਾਂ ਤੋਂ ਝਬਾਲ ਇਲਾਕੇ ਵਿਚ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਦਿਨ ਦਿਹਾੜੇ ਕੀਤੀਆਂ ਜਾ ਰਹੀਆਂ ਲੁੱਟਾਂ-ਖੋਹਾਂ ਕਾਰਨ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ਼ ਬਣਿਆਂ ਹੋਇਆ ਹੈ | ਤੜਕਸਾਰ ਪਿੰਡ ਝਬਾਲ ਵਿਖੇ ਮੁਨਿਆਰੀ ਦੀ ਦੁਕਾਨ ਅੰਦਰ ਦਾਖ਼ਲ ਹੋ ਕੇ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਮੋਬਾਈਲ ਫੋਨ, ਨਕਦੀ ਤੇ ਮੁਨਿਆਰੀ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਕਾਂਗਰਸੀ ਆਗੂ ਨਿੱਪੀ ਸੂਦ ਨੇ ਦੱਸਿਆ ਕਿ ਉਹ ਝਬਾਲ ਬਾਜ਼ਾਰ ਵਿਚ ਮੁਨਿਆਰੀ ਦੀ ਦੁਕਾਨ ਚਲਾ ਰਿਹਾ ਹੈ | ਰੋਜ਼ਾਨਾ ਦੀ ਤਰ੍ਹਾਂ ਉਸ ਨੇ ਸਵੇਰ ਵੇਲੇ ਦੁਕਾਨ ਖੋਲੀ ਤਾਂ ਤਿੰਨ ਨਕਾਬਪੋਸ਼ ਹਥਿਆਰਬੰਦ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਉਸਦੀ ਕੁੱਟਮਾਰ ਕਰਨ ਲੱਗ ਪਏ | ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਦੁਕਾਨ ਵਿਚੋਂ ਨਗਦੀ ਤੇ ਹੋਰ ਸਾਮਾਨ ਲੈਕੇ ਦੁਕਾਨ ਦਾ ਸਟਰ ਹੇਠਾਂ ਸੁੱਟ ਕੇ ਉਸ ਨੂੰ ਦੁਕਾਨ ਅੰਦਰ ਬੰਦ ਕਰਕੇ ਫ਼ਰਾਰ ਹੋ ਗਏ | ਇਸੇ ਤਰ੍ਹਾਂ ਬੀਤੀ ਰਾਤ ਤਿੰਨ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਤਰਨ ਤਾਰਨ ਰੋਡ ਬਣੇ ਲਾਲ ਗੇਟ ਨੇੜਿਉਂ ਪਤੀ ਪਤਨੀ ਕੋਲੋਂ ਮੋਟਰਸਾਈਕਲ, ਨਕਦੀ ਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ | ਲੁੱਟ ਦੇ ਸ਼ਿਕਾਰ ਹੋਏ ਹਰਜਿੰਦਰ ਸਿੰਘ ਪੁੱਤਰ ਸ਼ਿਵਪਾਲ ਸਿੰਘ ਵਾਸੀ ਝਬਾਲ ਨੇ ਦੱਸਿਆ ਕਿ ਰਾਤ 9 ਕੁ ਵਜੇ ਉਹ ਅਤੇ ਉਸ ਦੀ ਪਤਨੀ ਦੁਕਾਨ ਬੰਦ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੱਡਾ ਝਬਾਲ ਤੋਂ ਪਿੰਡ ਝਬਾਲ ਨੂੰ ਆ ਰਹੇ ਸਨ | ਜਦੋਂ ਉਹ ਲਾਲ ਗੇਟ ਦੇ ਨਜ਼ਦੀਕ ਪੁੱਜੇ ਤਾਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਹਥਿਆਰਾਂ ਦੀ ਨੋਕ 'ਤੇ ਮੋਟਰਸਾਈਕਲ, ਨਗਦੀ ਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ | ਲੁਟੇਰਿਆਂ ਦੀ ਦਹਿਸ਼ਤ ਕਾਰਨ ਲੋਕ ਘਰਾਂ ਵਿਚ ਹੀ ਰਹਿਣ ਲਈ ਮਜ਼ਬੂਰ ਹੋ ਗਏ ਹਨ, ਪਰ ਪੁਲਿਸ ਪ੍ਰਸ਼ਾਸਨ ਇਸ ਸੰਬੰਧੀ ਮੂਕ ਦਰਸ਼ਕ ਬਣੀ ਬੈਠੀ ਹੈ |