ਫਤਿਆਬਾਦ, 26 ਸਤੰਬਰ (ਹਰਵਿੰਦਰ ਸਿੰਘ ਧੂੰਦਾ)-2023 ਦੇ ਹੜ੍ਹਾਂ ਦੌਰਾਨ ਲੋਕਾਂ ਦੀ ਤਨਦੇਹੀ ਨਾਲ ਸੇਵਾ ਨਿਭਾਉਣ ਵਾਲੇ ਸੰਤ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਜਿਥੇ ਉਨ੍ਹਾਂ ਵਲੋਂ ਨਿਭਾਈ ਸੇਵਾ ਲਈ ਸਨਮਾਨਿਤ ਕੀਤਾ ਗਿਆ ਸੀ, ਉਥੇ ਸਰਕਾਰੀ ਤੌਰ 'ਤੇ ਵੀ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਵਾਰ 2025 'ਚ ਆਏ ਹੜ੍ਹਾਂ 'ਚ 2023 ਤੋਂ ਵੀ ਭਿਅੰਕਰ ਹੜ੍ਹਾਂ ਦੇ ਕਹਿਰ ਦਾ ਜਦੋਂ ਕੈਨੇਡਾ ਦੀ ਧਰਤੀ 'ਤੇ ਬਾਬਾ ਸੁੱਖਾ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਆਪਣੀ ਕੈਨੇਡਾ ਦੀ ਫੇਰੀ ਵਿਚੇ ਛੱਡ ਕੇ ਲੋਕਾਂ ਦੀ ਸੇਵਾ ਕਰਨ ਦੀ ਕਮਾਂਡ ਆਣ ਸੰਭਾਲੀ | ਉਨ੍ਹਾਂ ਵਲੋਂ ਜ਼ਿਲ੍ਹਾ ਅੰਮਿ੍ਤਸਰ, ਤਰਨਤਾਰਨ ਅਤੇ ਕਪੂਰਥਲਾ 'ਚ ਵੱਖ-ਵੱਖ ਥਾਵਾਂ 'ਤੇ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਅਤੇ ਪੀੜਤ ਲੋਕਾਂ ਦਾ ਬਚਾਅ ਕਰਕੇ ਬਾਬਾ ਸੁੱਖਾ ਸਿੰਘ ਨੇ ਮਾਨਵਤਾ ਦੀ ਸੇਵਾ ਨਿਭਾਈ | ਬਾਬਾ ਬਿੱਧੀ ਚੰਦ ਸੰਪ੍ਰਦਾਇ ਦੇ ਸਥਾਨਕ ਮੁੱਖੀ ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿਚ ਆਏ ਭਿਅੰਕਰ ਹੜ੍ਹਾਂ ਦੀ ਸਥਿਤੀ 'ਤੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਦੋਵਾਂ ਮਹਾਪੁਰਸ਼ਾਂ ਵਲੋਂ ਅਜੋਕੇ ਹਾਲਾਤ ਵਿਚ ਲੋਕਾਂ ਨੂੰ ਰਾਹਤ ਦੇਣ ਦਾ ਨਿਰਣਾ ਲਿਆ | ਇਸ ਮੌਕੇ ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ ਅਤੇ ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਦੱਸਿਆ ਕਿ ਅਸੀਂ ਆਪਣੇ ਤੌਰ 'ਤੇ ਹੜ੍ਹ ਪ੍ਰਭਾਵਿਤ ਲੋਕਾਂ ਨੰੂ ਜਿਥੇ ਰਾਸ਼ਨ ਪਹੁੰਚਾਇਆ, ਉਥੇ ਉਨ੍ਹਾਂ ਲੋਕਾਂ ਦੇ ਨਾਲ ਮੁਸ਼ਕਿਲ ਦੀ ਘੜੀ ਵਿਚ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਹਾਂ |