ਝਬਾਲ, 18 ਅਕਤੂਬਰ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਮਾਝੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੱਜ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਜ਼ਿਮਨੀ ਚੋਣ ਲਈ ਵਾਰਸ ਪੰਜਾਬ ਜਥੇਬੰਦੀ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਆਪਣੇ ਕਾਗਜ਼ ਭਰਨ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸਾਥੀਆਂ ਸਮੇਤ ਇੱਥੇ ਗੁਰਦੁਆਰਾ ਸਾਹਿਬ ਜੀ ਵਿਖੇ ਨਤਮਸਤਕ ਹੋਏ ਅਤੇ ਬੈਠ ਕੇ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ | ਇਸ ਮੌਕੇ ਉਨ੍ਹਾਂ ਨੂੰ ਇਲਾਕੇ ਦੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਬਾਪੂ ਤਰਸੇਮ ਸਿੰਘ, ਜਥੇਦਾਰ ਸਵਿੰਦਰ ਸਿੰਘ ਦੋਬਲੀਆਂ ਨੇ ਆਖਿਆ ਕਿ ਭਾਈ ਮਨਦੀਪ ਸਿੰਘ ਨੂੰ ਜਿੱਥੇ ਪੰਥਕ ਜਥੇਬੰਦੀਆਂ ਦਾ ਪੂਰਨ ਸਹਿਯੋਗ ਹੈ, ਉੱਥੇ ਹੀ ਹਲਕਾ ਵਾਸੀਆਂ ਨੂੰ ਮਿਲ ਰਹੇ ਪਿਆਰ ਸਦਕਾ ਵੱਡੀ ਜਿੱਤ ਪ੍ਰਾਪਤ ਕੀਤੀ ਜਾਵੇਗੀ | ਇਸ ਸਮੇਂ ਭਾਈ ਮਨਦੀਪ ਸਿੰਘ ਨੇ ਸਮੂਹ ਹਲਕਾ ਵਾਸੀਆਂ ਅਤੇ ਪਹੁੰਚੇ ਹੋਏ ਆਗੂਆਂ ਦਾ ਧੰਨਵਾਦ ਕਰਦੇ ਹਾਂ ਆਖਿਆ ਕਿ ਅਸੀਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਅਤੇ ਖਾਲਸਾ ਰਾਜ ਹੀ ਚਾਹੁੰਦੇ ਹਾਂ | ਉਨ੍ਹਾਂ ਇਕ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਆਖਿਆ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਮਰਜ਼ੀ ਆਖੇ ਅਸੀਂ ਖਾਲਸਾ ਰਾਜ ਦੇ ਹਮਾਇਤੀ ਰਹਾਂਗੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਲੋਂ ਚਲਾਏ ਸੱਚ ਦੇ ਮਾਰਗ 'ਤੇ ਚਲਾਂਗੇ ਅਤੇ ਉਨ੍ਹਾਂ ਦੇ ਫੈਨ ਰਹਾਂਗੇ | ਇਸ ਉਪਰੰਤ ਜੈਕਾਰੇ ਮਾਰਦੇ ਹੋਏ ਸਮੂਹ ਆਗੂ ਕਾਫਲੇ ਦੇ ਰੂਪ ਵਿਚ ਭਾਈ ਮਨਦੀਪ ਸਿੰਘ ਦੇ ਕਾਗਜ ਭਰਨ ਲਈ ਤਰਨ ਤਾਰਨ ਨੂੰ ਰਵਾਨਾ ਹੋਏ | ਇਸ ਮੌਕੇ ਸੁੱਚਾ ਸਿੰਘ ਛੋਟੇਪੁਰ, ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ, ਖਾਲੜਾ ਮਿਸ਼ਨ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਜਸਬੀਰ ਸਿੰਘ ਘੁੰਮਣ, ੲਕਬਾਲ ਸਿੰਘ ਝੂੰਦਾ, ਭਾਈ ਮੋਹਕਮ ਸਿੰਘ ਐਡਵੋਕੇਟ ਕਰਨਬੀਰ ਸਿੰਘ ਪੰਨੂ ਸਤਿੰਦਰ ਸਿੰਘ ਟੌਹੜਾ, ਸੰਤਾਂ ਸਿੰਘ ਉਮੀਦਪੂਰੀ, ਗੁਰਪ੍ਰਤਾਪ ਸਿੰਘ ਵਡਾਲਾ, ਸਤਨਾਮ ਸਿੰਘ ਮਨਾਵਾਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਰਨੈਲ ਸਿੰਘ ਸਖੀਰਾ, ਚਮਕੌਰ ਸਿੰਘ ਮੁੱਖ ਬੁਲਾਰਾ, ਬਲਦੇਵ ਸਿੰਘ ਸਿਰਸਾ, ਮਹਿੰਦਰ ਸਿੰਘ ਝਬਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਸਿੱਖ ਆਗੂ ਹਾਜ਼ਰ ਸਨ |