ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਵਲੋਂ ਤਰਨ ਤਾਰਨ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ ਗਿਆ | ਪਿਛਲੇ ਲੰਬੇ ਸਮੇਂ ਤੋਂ ਫਰੰਟ ਵਲੋਂ ਪੰਜਾਬ ਪੇ ਸਕੇਲ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ | ਵਰਨਣਯੋਗ ਹੈ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਪੰਜਾਬ ਸਕੇਲ ਲਾਗੂ ਕਰਵਾਉਣ ਲਈ ਕੇਸ ਜਿੱਤ ਚੁੱਕੇ ਹਨ | ਪ੍ਰੰਤੂ ਸਰਕਾਰ ਕੋਰਟ ਦੇ ਹੁਕਮ ਲਾਗੂ ਕਰਨ ਦੀ ਬਜਾਇ ਅੱਧੇ ਅਧੂਰੇ ਸਕੇਲ ਲਾਗੂ ਕਰਨ ਲਈ ਤੁਲੀ ਹੋਈ ਹੈ | ਸਥਾਨਕ ਗਾਂਧੀ ਪਾਰਕ ਵਿਖੇ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਦੀ ਅਗਵਾਈ ਹੇਠ ਵੱਖਵੱਖ ਕੇਡਰਾਂ ਦੇ ਮੁਲਾਜ਼ਮਾਂ ਨੇ ਆਪਣੀ ਰੋਸ ਰੈਲੀ ਸ਼ੁਰੂ ਕੀਤੀ | ਰੈਲੀ ਚਾਰ ਖੰਬਾ ਚੌਂਕ ਤੋਂ ਬੋੜੀ ਚੌਂਕ ਹੁੰਦੇ ਹੋਏ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫਤਰ ਅੱਗੇ ਪਹੁੰਚੀ | ਰੈਲੀ ਵਿਚ ਸੈਂਕੜੇ ਮੁਲਾਜ਼ਮਾਂ ਨੇ ਖਾਲੀ ਪੀਪੇ ਖੜਕਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ | ਵੱਖ ਵੱਖ ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ | ਇਸ ਦੌਰਾਨ ਫਰੰਟ ਦੇ ਸੂਬਾ ਕਨਵੀਨਰ ਇਸ ਦੌਰਾਨ ਫਰੰਟ ਦੇ ਸੂਬਾ ਕਨਵੀਨਰ ਸ਼ਲਿੰਦਰ ਕੰਬੋਜ, ਯੁੱਧਜੀਤ ਬਠਿੰਡਾ, ਸੁਰਿੰਦਰਪਾਲ ਸੋਨੀ, ਰਸ਼ਪਾਲ ਜਲਾਲਾਬਾਦ, ਦੀਪਕ ਧਾਲੀਵਾਲ ਅਤੇ ਦੀਪਕ ਕੰਬੋਜ਼ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਾਅਦਾ ਕੀਤਾ ਸੀ ਕੇ ਸਰਕਾਰ ਬਣਨ ਸਾਰ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਉੱਪਰ ਪੰਜਾਬ ਦਾ ਛੇਵਾਂ ਪੇ ਸਕੇਲ ਲਾਗੂ ਕਰ ਦਿੱਤਾ ਜਾਵੇਗਾ, ਅੱਜ ਸਰਕਾਰ ਬਣਿਆ ਨੂੰ ਲਗਪਗ ਚਾਰ ਸਾਲ ਹੋਣ ਵਾਲੇ ਹਨ, ਪਰ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਭੱਜ ਰਹੀ ਹੈ ਅਤੇ ਕੋਰਟ ਦੇ ਹੁਕਮ ਲਾਗੂ ਕਰਨ ਤੋਂ ਵੀ ਇਨਕਾਰੀ ਹੋ ਰਹੀ ਹੈ | ਇਸ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ੍ਹ, ਰੁਪਿੰਦਰ ਪਾਲ ਗਿੱਲ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਖਹਿਰਾ ਅਤੇ ਨਰਿੰਦਰ ਭੰਡਾਰੀ ਨੇ ਸਾਥੀਆਂ ਸਮੇਤ ਰੈਲੀ ਵਿਚ ਸ਼ਮੂਲੀਅਤ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਵਿਕਰਮਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਚੁੱਕਿਆ ਹੈ | ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਮੁਲਾਜ਼ਮਾਂ ਦਾ ਆਰਥਿਕ ਰੂਪ ਵਿਚ ਸੋਸ਼ਣ ਕਰ ਰਹੀ ਹੈ | ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਘਿਰਾਓ ਦੌਰਾਨ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਫਰੰਟ ਵਲੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਅੱਜ ਸ਼ਾਮ ਤੱਕ ਜਲਦੀ ਮੀਟਿੰਗ ਕਰਵਾਉਣ ਲਈ ਲਿਖਤੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸੁਮਿਤ ਕੰਬੋਜ, ਰਣਦੀਪ ਸਿੰਘ ਫਤਹਿਗੜ੍ਹ, ਰਵਿੰਦਰ ਕੰਬੋਜ਼ ਨਿਰਮਲ ਜ਼ੀਰਾ, ਸੰਦੀਪ ਕੰਬੋਜ਼, ਰਾਜ ਸੁਖਵਿੰਦਰ, ਦੇਸ ਰਾਜ, ਪਰਮਿੰਦਰ ਸਿੰਘ, ਜਸਵਿੰਦਰ ਐਤੀਆਣਾ, ਅਮਿਤ ਕੁਮਾਰ, ਅਮਨਦੀਪ ਸਿੰਘ, ਸੰਦੀਪ ਕੰਬੋਜ਼, ਲਵਦੀਪ ਕੋਟਕਪੂਰਾ ਆਦਿ ਮੁਲਾਜ਼ਮ ਸਾਥੀ ਹਾਜਰ ਸਨ |