ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਤਰਨ ਤਾਰਨ ਦੇ ਨਾਮਵਰ ਖੇੜਾ ਪਰਿਵਾਰ ਦੇ ਮੈਂਬਰ ਰਮਨੀਕ ਸਿੰਘ ਖੇੜਾ ਆਪਣੇ ਪਰਿਵਾਰ ਅਤੇ ਸੈਂਕੜੇ ਸਮੱਰਥਕਾਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਉਮੀਦਵਾਰ ਪਿ੍ੰਸੀ. ਸੁਖਵਿੰਦਰ ਕੌਰ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨ ਤਾਰਨ ਵਿਚ ਅਕਾਲੀ ਦਲ ਦੇ ਰਾਜ ਵਿਚ ਜੋ ਵਿਕਾਸ ਕਾਰਜ ਹੋਏ, ਅੱਜ ਵੀ ਲੋਕ ਉਸ ਨੂੰ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਗੁਰੂ ਨਗਰੀ ਤਰਨ ਤਾਰਨ ਦੇ ਵਿਕਾਸ ਲਈ ਅਕਾਲੀ ਸਰਕਾਰ ਨੇ ਦਿਲ ਖੋਲ੍ਹ ਕੇ ਗ੍ਰਾਂਟ ਦਿੱਤੀ | ਇਸ ਤੋਂ ਇਲਾਵਾ ਹਲਕਾ ਤਰਨ ਤਾਰਨ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਦੇ ਵੀ ਵਿਕਾਸ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਦਿੱਤੀ ਗਈ, ਜਿਸ ਨਾਲ ਇਥੋਂ ਦੀ ਕਾਇਆ ਕਲਪ ਸੁੰਦਰ ਬਣੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਦੇ ਬਣਨ ਤੋਂ ਬਾਅਦ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਤਰਨ ਤਾਰਨ ਦੇ ਵਿਕਾਸ ਕਾਰਜਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਗਿਆ, ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸੂਬਾ ਪਾਰਟੀ ਹੈ, ਜਦਕਿ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦਿੱਲੀ ਤੋਂ ਚੱਲਦੀਆਂ ਹਨ | ਦਿੱਲੀ ਦੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ | ਇਸ ਕਰਕੇ ਇਸ ਚੋਣ ਵਿਚ ਬੀਬੀ ਸੁਖਵਿੰਦਰ ਕੌਰ ਜਿਤਾ ਕੇ ਅਕਾਲੀ ਸਰਕਾਰ ਦਾ ਮੁੱਢ ਬੰਨਿ੍ਹਆ ਜਾਵੇ | ਇਸ ਮੌਕੇ ਉਨ੍ਹਾਂ ਨੇ ਰਮਨੀਕ ਸਿੰਘ ਖੇੜਾ ਨੂੰ ਪਾਰਟੀ ਵਿਚ ਸ਼ਾਮਿਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਰਮਨੀਕ ਸਿੰਘ ਖੇੜਾ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਹਨੀ, ਮਨਦੀਪ ਸ਼ਰਮਾ, ਵਿਨੋਦ ਕੁਮਾਰ, ਬਲਜਿੰਦਰ ਸਿੰਘ, ਦਲਜੀਤ ਸਿੰਘ ਅਰੋੜਾ, ਨਵਦੀਪ ਸਿੰਘ ਕਾਕੂ, ਵਿਨੋਦ ਕੁਮਾਰ ਵੀਕੇ, ਸੁਰਜੀਤ ਸਿੰਘ ਠੇਕੇਦਾਰ, ਹਰਜਿੰਦਰ ਸਿੰਘ ਗਿੱਲ ਐੱਨ.ਆਰ.ਆਈ., ਗੁਰਭੁਪਿੰਦਰ ਸਿੰਘ ਸਰੋਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮੱਰਥਕਾਂ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਅਕਾਲੀ ਆਗੂ ਐਨ.ਕੇ. ਸ਼ਰਮਾ, ਗੌਰਵਦੀਪ ਸਿੰਘ ਵਲਟੋਹਾ, ਚੇਅ. ਹਰਵੰਤ ਸਿੰਘ ਝਬਾਲ, ਕੌਂਸਲਰ ਜਸਪ੍ਰੀਤ ਸਿੰਘ, ਕੌਂਸਲਰ ਮਨੋਜ ਅਗਨੀਹੋਤਰੀ, ਸੰਦੀਪ ਕੁਮਾਰ ਸੋਨੂੰ ਦੋਦੇ ਵੀ ਮੌਜੂਦ ਸਨ |